ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਪਤੀ ਨੇ ਕਿਹਾ- ''ਤਲਾਕ, ਤਲਾਕ, ਤਲਾਕ''

10/19/2019 12:58:18 PM

ਉੱਤਰ ਪ੍ਰਦੇਸ਼ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਦੇ ਜਹਾਂਨਾਬਾਦ ਥਾਣੇ ਵਿਚ ਪੁਲਸ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਇਕ ਔਰਤ ਨੂੰ ਉਸ ਦੇ ਪਤੀ ਵਲੋਂ 3 ਵਾਰ ਤਲਾਕ ਕਹਿ ਕੇ ਘਰੋਂ ਕੱਢੇ ਜਾਣ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸ਼ਮਸ਼ੇਰ ਸਿੰਘ ਨੇ ਦਰਜ ਕੀਤੀ ਗਈ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਦਲੇਲਖੇੜਾ ਪਿੰਡ ਦੀ ਔਰਤ ਅਫਸਾਨਾ ਦੀ ਸ਼ਿਕਾਇਤ 'ਤੇ ਉਸ ਦੇ ਸ਼ੌਹਰ (ਪਤੀ) ਖਵਾਜ਼ਾ ਅਲੀ, ਸਹੁਰੇ ਕਲਾਮੁਦੀਨ, ਦੋ ਨਨਾਣਾਂ ਫਾਤਿਮਾ ਅਤੇ ਸ਼ਰਹੂਨ ਵਿਰੁੱਧ ਮੁਸਲਿਮ ਵਿਆਹ ਸੁਰੱਖਿਆ ਐਕਟ-2019 ਦੀਆਂ ਸੰਬੰਧਤ ਧਾਰਾ ਤਹਿਤ ਕੁੱਟਮਾਰ ਕਰ ਕੇ ਘਰੋਂ ਕੱਢਣ ਅਤੇ ਦਾਜ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 

ਪੀੜਤ ਔਰਤ ਦੇ ਹਵਾਲੇ ਤੋਂ ਥਾਣਾ ਮੁਖੀ ਨੇ ਦੱਸਿਆ ਕਿ ਅਫਸਾਨਾ ਦਾ ਨਿਕਾਹ 4 ਸਾਲ ਪਹਿਲਾਂ ਪਿੰਡ ਦੀ ਹੀ ਖਵਾਜ਼ਾ ਅਲੀ ਨਾਲ ਹੋਇਆ ਸੀ। ਸਹੁਰੇ ਵਾਲੇ ਉਸ ਨੂੰ ਦਾਜ ਦੇ ਤੌਰ 'ਤੇ ਇਕ ਲੱਖ ਰੁਪਏ ਦੀ ਮੰਗ ਕਰ ਕੇ ਤੰਗ-ਪਰੇਸ਼ਾਨ ਕਰਦੇ ਸਨ। ਕਈ ਵਾਰ ਪੇਕੇ ਅਤੇ ਸਹੁਰੇ ਵਾਲਿਆਂ ਵਿਚਾਲੇ ਇਸ ਸੰਬੰਧ 'ਚ ਪੰਚਾਇਤ ਵੀ ਬੈਠੀ ਪਰ ਗੱਲ ਨਹੀਂ ਬਣੀ। ਪੀੜਤਾ ਨੇ ਸ਼ਿਕਾਇਤ ਵਿਚ ਕਿਹਾ ਕਿ 4 ਸਤੰਬਰ ਨੂੰ ਪਹਿਲਾਂ ਸਹੁਰੇ ਪਰਿਵਾਰ ਨੇ ਉਸ ਨੂੰ ਕੁੱਟਿਆ ਅਤੇ ਫਿਰ ਸ਼ੌਹਰ ਨੇ 3 ਵਾਰ ਤਲਾਕ-ਤਲਾਕ-ਤਲਾਕ ਕਹਿ ਕੇ ਉਸ ਨੂੰ ਘਰੋਂ ਕੱਢ ਦਿੱਤਾ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

Tanu

This news is Content Editor Tanu