ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਸਹੁਰੇ ਵਾਲਿਆਂ ਨੇ ਨੂੰਹ ਦੀ ਗੋਲੀ ਮਾਰ ਕੇ ਕੀਤੀ ਹੱਤਿਆ

05/18/2020 5:56:24 PM

ਨੋਇਡਾ- ਗੌਤਮਬੁੱਧ ਨਗਰ ਜ਼ਿਲੇ ਦੇ ਥਾਣਾ ਦਾਦਰੀ ਖੇਤਰ ਸਥਿਤ ਐਸਕਾਰਟ ਕਾਲੋਨੀ 'ਚ ਰਹਿਣ ਵਾਲੀ ਇਕ ਔਰਤ ਦੀ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਥਾਣਾ ਦਾਦਰੀ ਪੁਲਸ ਨੂੰ ਸੂਚਨਾ ਮਿਲੀ ਕਿ ਐਸਕਾਰਟ ਕਾਲੋਨੀ 'ਚ ਰਹਿਣ ਵਾਲੀ ਰਚਨਾ ਸ਼ਰਮਾ (26) ਦੀ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਗੋਲੀ ਮਾਰ ਦਿੱਤੀ ਹੈ। ਔਰਤ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਗੰਭੀਰ ਹਾਲਤ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਪਤੀ ਵਿਪਿਨ ਸ਼ਰਮਾ, ਦਿਓਰ ਰਵਿੰਦਰ ਅਤੇ ਪ੍ਰਿੰਸ ਸ਼ਰਮਾ ਵਿਰੁੱਧ ਦਾਜ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਹੈ। ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮੂਲ ਰੂਪ ਨਾਲ ਬੁਲੰਦਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਕੁਝ ਸਾਲ ਪਹਿਲਾਂ ਉਸ ਦਾ ਵਿਆਹ ਵਿਪਿਨ ਸ਼ਰਮਾ ਨਾਲ ਹੋਇਆ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਵਿਆਹ ਦੇ ਸਮੇਂ ਤੋਂ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਦਾਜ ਲਈ ਉਸ ਦਾ ਸ਼ੋਸ਼ਣ ਕਰ ਰਹੇ ਸਨ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਨੂੰ ਉਸ ਦੇ ਦਿਓਰ ਨੇ ਗੋਲੀ ਮਾਰੀ ਹੈ।


DIsha

Content Editor

Related News