ਬਿਨਾਂ ਅਰੋਗਿਆ ਸੇਤੂ ਐਪ ਦਿੱਲੀ 'ਚ ਨਹੀਂ ਮਿਲੇਗੀ ਐਂਟਰੀ, ਸਰਕਾਰ ਲੈ ਸਕਦੀ ਹੈ ਫੈਸਲਾ

04/25/2020 3:49:58 PM

ਨਵੀਂ ਦਿੱਲੀ— ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦਾਖਲ ਹੋਣਾ ਹੈ ਤਾਂ ਮੋਬਾਇਲ 'ਚ 'ਅਰੋਗਿਆ ਸੇਤੂ' ਐਪ ਦਾ ਹੋਣਾ ਲਾਜ਼ਮੀ ਹੋ ਸਕਦਾ ਹੈ। ਦਿੱਲੀ ਸਰਕਾਰ ਰਾਜਧਾਨੀ 'ਚ ਦਾਖਲ ਹੋਣ ਵਾਲੇ ਲੋਕਾਂ ਲਈ ਇਸ ਨੂੰ ਜ਼ਰੂਰੀ ਬਣਾਉਣ ਦੀ ਸਿਫਾਰਸ਼ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਲੰਘੇ ਸ਼ੁੱਕਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ 'ਤੇ ਉਪ ਰਾਜਪਾਲ ਅਨਿਲ ਬੈਜਲ ਦੀ ਸਮੀਖਿਆ ਬੈਠਕ 'ਚ ਇਸ ਦੀ ਸਿਫਾਰਸ਼ ਕੀਤੀ ਗਈ ਸੀ।

'ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ' ਦੇ ਡਾਇਰੈਕਟਰ ਡਾ. ਸੁਰਜੀਤ ਕੁਮਾਰ ਸਿੰਘ, ਜਿਨ੍ਹਾਂ ਨੂੰ ਦਿੱਲੀ ਸਰਕਾਰ ਨੂੰ ਸਲਾਹ ਦੇਣ ਲਈ ਕਿਹਾ ਗਿਆ ਹੈ, ਉਨ੍ਹਾਂ ਨੇ ਸਿਫਾਰਸ਼ ਕੀਤੀ ਹੈ ਕਿ ਲੋਕਾਂ ਨੂੰ ਦਿੱਲੀ 'ਚ ਦਾਖਲ ਹੋਣ ਦੀ ਮਨਜ਼ੂਰੀ ਤਾਂ ਹੀ ਦਿੱਤੀ ਜਾਵੇ ਜਦੋਂ ਉਨ੍ਹਾਂ ਦੇ ਮੋਬਾਇਲ ਫੋਨ 'ਚ ਅਰੋਗਿਆ ਸੇਤੂ ਐਪ ਹੋਵੇ।
ਇਸ ਦੇ ਨਾਲ ਹੀ ਡਾਕਟਰ ਸਿੰਘ ਨੇ ਰਾਜਧਾਨੀ ਦਿੱਲੀ 'ਚ ਕੋਵਿਡ-19 ਦੀ ਟੈਸਟਿੰਗ ਵਧਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਇਕ ਵਾਰ ਟੈਸਟਿੰਗ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤਾਂ ਵੀ ਉਹ ਘੱਟੋ-ਘੱਟ ਤਿੰਨ ਹੋਰ ਵਾਰ ਕੋਰੋਨਾ ਜਾਂਚ ਕਰਵਾਉਣ, ਤਾਂ ਕਿ ਸੰਭਾਵਿਤ ਗਲਤ ਰਿਪੋਰਟ ਕਾਰਨ ਕੋਰੋਨਾ ਸੰਕਰਮਣ ਦਾ ਪ੍ਰਸਾਰ ਨਾ ਹੋ ਸਕੇ।
ਇਸੇ ਮੀਟਿੰਗ 'ਚ ਵੱਡੇ ਨਿਗਰਾਨੀ ਕੋਰੋਨਾ ਖੇਤਰਾਂ 'ਚੋਂ ਅਜਿਹੇ ਖੇਤਰਾਂ ਨੂੰ ਬਿਲਕੁਲ ਵੱਖ ਕਰਨ ਨੂੰ ਕਿਹਾ ਗਿਆ ਹੈ ਜੋ ਛੋਟੇ ਹਨ ਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ, ਤਾਂ ਕਿ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਅਜੇ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਤੌਰ 'ਤੇ ਇੰਸਟਾਲ ਕਰਨ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ, ਇਸ ਨੂੰ ਨਾਕਾਰਿਆ ਵੀ ਨਹੀਂ ਗਿਆ ਹੈ, ਹੋ ਸਕਦਾ ਹੈ ਕਿ ਇਸ 'ਤੇ ਵਿਚਾਰ ਕਰਕੇ ਸਰਕਾਰ ਇਸ ਨੂੰ ਜ਼ਰੂਰੀ ਕਰ ਦੇਵੇ। ਇਸ 'ਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੱਖਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਹੁਣ ਵੀ ਸਮਾਰਟ ਫੋਨ ਨਹੀਂ ਹੈ।

Sanjeev

This news is Content Editor Sanjeev