ਵਿਦੇਸ਼ਾਂ ''ਚ ਨੌਕਰੀ ਦੇ ਲਾਲਚ ਨਾ ਫਸਣ ਭਾਰਤੀ ਨਾਗਰਿਕ : ਵਿਦੇਸ਼ ਮੰਤਰਾਲਾ

10/07/2022 6:20:30 PM

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰਾਲਾ ਨੇ ਵਿਦੇਸ਼ਾਂ 'ਚ ਨੌਕਰੀ ਦੇਣ ਸੰਬੰਧੀ ਲਾਲਚੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਤੋਂ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਪੂਰੀ ਜਾਂਚ ਕਰਨ ਦਾ ਸੁਝਾਅ ਦੋਹਰਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਮਿਆਂਮਾਰ, ਕੰਬੋਡੀਆ, ਲਾਓਸ ਵਿਚ ਫਸੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ ਜਾਰੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੋਂ ਤੱਕ ਮਿਆਂਮਾਰ 'ਚ ਫਸੇ ਭਾਰਤੀ ਨਾਗਰਿਕਾਂ ਦਾ ਸਵਾਲ ਹੈ, ਅਸੀਂ ਉਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਿਸ 'ਚ ਫਰਜ਼ੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਕੁਝ ਲੋਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਥੋਂ ਕੱਢੇ ਗਏ ਕੁਝ ਲੋਕ ਵਾਪਸ ਪਰਤ ਗਏ ਹਨ ਜਦਕਿ ਕੁਝ ਲੋਕ ਨਾਜਾਇਜ਼ ਪ੍ਰਵੇਸ਼ ਦੇ ਮਾਮਲੇ 'ਚ ਉੱਥੇ ਪੁਲਸ ਦੀ ਹਿਰਾਸਤ 'ਚ ਹਨ। ਖਬਰਾਂ 'ਚ ਮਿਆਂਮਾਰ 'ਚ 300 ਲੋਕਾਂ ਦੇ ਫਸੇ ਹੋਣ ਦੀਆਂ ਖ਼ਬਰਾਂ ਬਾਰੇ ਪੁੱਛੇ ਜਾਣ 'ਤੇ ਬਾਗਚੀ ਨੇ ਕਿਹਾ ਕਿ ਕੁਝ ਲੋਕ ਉੱਥੇ ਫਸੇ ਹੋਏ ਹਨ ਪਰ ਇਹ ਗਿਣਤੀ ਯਕੀਨੀ ਤੌਰ 'ਤੇ 300 ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਿਆਂਮਾਰ 'ਚ ਫਸੇ 45 ਭਾਰਤੀਆਂ ਦੀ ਹੋਈ ਦੇਸ਼ ਵਾਪਸੀ, ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਲਾਓਸ ਅਤੇ ਕੰਬੋਡੀਆ ਤੋਂ ਹੁਣ ਤੱਕ 80 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਮਹੀਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ, ਜਿਸ 'ਚ ਕੰਪਨੀਆਂ ਨੂੰ ਅਜਿਹੀਆਂ ਲੁਭਾਉਣ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਸੀ। ਬਾਗਚੀ ਨੇ ਦੋਹਰਾਇਆ ਕਿ ਵਿਦੇਸ਼ਾਂ 'ਚ ਮੁਨਾਫ਼ੇ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਤੋਂ ਬਹੁਤ ਸਾਵਧਾਨ ਰਹੋ ਕਿਉਂਕਿ ਜੇਕਰ ਤੁਸੀਂ ਉੱਥੇ ਫਸ ਜਾਂਦੇ ਹੋ ਤਾਂ ਬਾਹਰ ਨਿਕਲਣਾ ਮੁਸ਼ਕਲ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਗਚੀ ਨੇ ਕਿਹਾ ਸੀ ਕਿ ਦੱਖਣ-ਪੂਰਬੀ ਮਿਆਂਮਾਰ ਦੇ ਮਿਆਵਾਡੀ ਖੇਤਰ 'ਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੇ ਵਿਸ਼ੇ ਤੋਂ ਮੰਤਰਾਲਾ ਜਾਣੂੰ ਹੈ। ਥਾਈਲੈਂਡ 'ਚ ਆਈ.ਟੀ. ਕੰਪਨੀਆਂ ਰੁਜ਼ਗਾਰ ਲਈ ਭਾਰਤੀ ਕਾਮਿਆਂ ਦੀ ਭਰਤੀ ਕਰਦੀਆਂ ਹਨ ਜਿਨ੍ਹਾਂ ਨੂੰ ਫਿਰ ਮਿਆਂਮਾਰ ਲਿਜਾਇਆ ਜਾਂਦਾ ਹੈ। ਇਨ੍ਹਾਂ 'ਚੋਂ ਕੁਝ ਦੇ ਗ਼ੈਰਕਾਨੂੰਨੀ ਢੰਗ ਨਾਲ ਜਾਣ ਦੀਆਂ ਵੀ ਖ਼ਬਰਾਂ ਹਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਆਂਮਾਰ 'ਚ ਗੈਰ-ਕਾਨੂੰਨੀ ਤੌਰ 'ਤੇ ਬੰਦ ਭਾਰਤੀਆਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ। ਸਟਾਲਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਸੂਬਾ ਸਰਕਾਰ ਨੂੰ 50 ਤਾਮਿਲਾਂ ਸਮੇਤ ਕਰੀਬ 300 ਭਾਰਤੀਆਂ ਦੇ ਮਿਆਂਮਾਰ 'ਚ ਫਸੇ ਹੋਣ ਦੀ ਸੂਚਨਾ ਮਿਲੀ ਹੈ, ਜੋ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News