ਬੱਚੇ ਦੇ ਸਿਰ ''ਚ 4 ਇੰਚ ਤਕ ਖੁੱਭਿਆ ਤੀਰ, ਡਾਕਟਰਾਂ ਨੇ ਸਰਜਰੀ ਕਰ ਕੇ ਬਖਸ਼ੀ ਨਵੀਂ ਜ਼ਿੰਦਗੀ

02/04/2020 12:30:36 PM

ਇੰਦੌਰ— ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਦੇ ਆਦਿਵਾਸੀ ਪਿੰਡ ਦੇ ਰਹਿਣ ਵਾਲੇ ਇਕ 3 ਸਾਲ ਦੇ ਮਾਸੂਮ ਨੂੰ ਡਾਕਟਰਾਂ ਨੇ ਨਵੀਂ ਜ਼ਿੰਦਗੀ ਬਖਸ਼ੀ। ਦਰਅਸਲ ਉਸ ਦੇ ਸਿਰ 'ਚ 4 ਇੰਚ ਤਕ ਇਕ ਤੀਰ ਖੁੱਭ ਗਿਆ ਸੀ। ਡਾਕਟਰਾਂ ਦੀ ਸਹੀ ਸਰਜਰੀ ਨਾਲ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੀ। ਤੀਰ ਖੁੱਭਣ ਕਾਰਨ ਬੱਚੇ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਬੱਚੇ ਨੇ ਦਰਦ ਨਾਲ ਕੁਰਲਾਉਂਦੇ ਹੋਏ 200 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਇੰਦਰੌ ਪੁੱਜਾ। ਇਸ ਤੋਂ ਬਾਅਦ ਬੱਚੇ ਨੂੰ ਐਮਵਾਯ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਡੇਢ ਘੰਟੇ ਦੀ ਸਰਜਰੀ ਕਰ ਕੇ ਤੀਰ ਕੱਢਿਆ। ਉਸ ਦੀ ਹਾਲਤ ਸਥਿਰ ਹੈ ਅਤੇ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। 

ਬੱਚੇ ਦੇ ਪਿਤਾ ਨੇ ਇਸ ਬਾਬਤ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦੋਵੇਂ 29 ਜਨਵਰੀ ਦੀ ਰਾਤ ਨੂੰ ਆਪਣੇ ਖੇਤਾਂ ਵਿਚ ਸਿੰਚਾਈ ਕਰਨ ਜਾ ਰਹੇ ਸਨ, ਇਸ ਦੌਰਾਨ ਇਕ ਤੀਰ ਆ ਕੇ ਉਸ ਦੇ ਬੱਚੇ ਦੇ ਸਿਰ 'ਚ ਖੁੱਭ ਗਿਆ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਤੀਰ ਕਿਸ ਨੇ ਮਾਰਿਆ ਸੀ। ਸਿਰ 'ਚ ਤੀਰ ਖੁੱਭਣ ਕਾਰਨ ਪਹਿਲਾਂ ਬੱਚੇ ਨੂੰ ਮੁੱਢਲੇ ਇਲਾਜ ਲਈ ਸਿਹਤ ਕੇਂਦਰ ਲਿਜਾਇਆ ਗਿਆ। ਇਸ ਤੋਂ ਬਾਅਦ 30 ਜਨਵਰੀ ਨੂੰ ਐਮਵਾਯ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। 

ਹਸਪਤਾਲ ਦੇ ਡਾਕਟਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੱਚਾ ਪੂਰੀ ਤਰ੍ਹਾਂ ਹੋਸ਼ ਵਿਚ ਸੀ। ਸਰੀਰ ਦੇ ਅੰਗ ਠੀਕ ਢੰਗ ਨਾਲ ਕੰਮ ਕਰ ਰਹੇ ਸਨ ਪਰ ਤੀਰ ਕਾਫੀ ਡੂੰਘਾਈ ਤਕ ਖੁੱਭ ਗਿਆ ਸੀ, ਜਿਸ ਨਾਲ ਖੂਨ ਵਹਿਣ ਦਾ ਖਤਰਾ ਸੀ। ਡਾਕਟਰਾਂ ਮੁਤਾਬਕ ਐਕਸ-ਰੇਅ ਅਤੇ ਸੀਟੀ ਸਕੈਨ ਕਰ ਕੇ ਤੀਰ ਦੀ ਸਹੀ ਸਥਿਤੀ ਦਾ ਪਤਾ ਲਾਇਆ ਗਿਆ ਅਤੇ ਇਸ ਨੂੰ ਫਿਰ ਬਾਹਰ ਕੱਢਿਆ ਗਿਆ। ਡਾ. ਗੁਪਤਾ ਨੇ ਦੱਸਿਆ ਕਿ ਬੱਚਾ ਬੇਹੱਦ ਕਿਸਮਤ ਵਾਲਾ ਹੈ। ਤੀਰ ਉਸ ਥਾਂ 'ਤੇ ਜਾ ਖੁੱਭਾ ਸੀ, ਜੋ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਕੰਟਰੋਲ ਕਰਦਾ ਹੈ। ਡਾਕਟਰ ਬੱਚੇ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

Tanu

This news is Content Editor Tanu