ਪੈਂਟ ਦੀ ਪਿਛਲੀ ਜੇਬ ’ਚ ਨਾ ਰੱਖੋ ਭਾਰਾ ਪਰਸ, ਹੋ ਸਕਦੇ ਹੋ ਬੀਮਾਰੀਆਂ ਦੇ ਸ਼ਿਕਾਰ

01/29/2020 1:35:34 AM

ਨਵੀਂ ਦਿੱਲੀ (ਯੂ. ਐੱਨ. ਆਈ.)–ਜੀਨ ਜਾਂ ਪੈਂਟ ਦੀ ਪਿਛਲੀ ਜੇਬ ਵਿਚ ਭਾਰਾ ਬਟੂਆ ਰੱਖਣ ਦੀ ਆਦਤ ਨੌਜਵਾਨਾਂ ਨੂੰ ਲੱਕ ਅਤੇ ਪੈਰਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਬਣਾ ਰਹੀ ਹੈ। ਜੇਬ ਵਿਚ ਭਾਰਾ ਪਰਸ ਰੱਖਣ ਨਾਲ ‘ਪਿਅਰੀ ਫੋਰਮਿਸ ਸਿੰਡ੍ਰੋਮ’ ਜਾਂ ‘ਵਾਲੇਟ ਨਿਊਰੋਪੈਥੀ’ ਨਾਂ ਦੀ ਬੀਮਾਰੀ ਹੋ ਸਕਦੀ ਹੈ, ਜਿਸ ਵਿਚ ਲੱਕ ਤੋਂ ਲੈ ਕੇ ਪੈਰਾਂ ਦੀਆਂ ਉਂਗਲੀਆਂ ਤਕ ਸੂਈ ਚੁੱਭਣ ਵਰਗਾ ਦਰਦ ਹੋਣ ਲੱਗਦਾ ਹੈ। ਘੰਟਿਆਂਬੱਧੀ ਕੰਮ ਕਰਨ ਵਾਲੇ ਕੰਪਿਊਟਰ ਇੰਜੀਨੀਅਰਾਂ ਨੂੰ ਇਸ ਬੀਮਾਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਨਾ ਹੋਣ ’ਤੇ ਸਰਜਰੀ ਕਰਾਉਣੀ ਪੈਂਦੀ ਹੈ।
ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸੀਨੀਅਰ ਸਰਜਨ ਡਾਕਟਰ ਰਾਜੂ ਵੈਸ਼ਯ ਨੇ ਦੱਸਿਆ ਕਿ ਜਦੋਂ ਅਸੀਂ ਪੈਂਟ ਦੀ ਪਿਛਲੀ ਜੇਬ ’ਚ ਮੋਟਾ ਪਰਸ ਰੱਖਦੇ ਹਾਂ ਤਾਂ ਉਥੇ ਦੀਆਂ ਪਿਅਰੀ ਫੋਰਮਿਸ ਮਾਸਪੇਸ਼ੀਆਂ ਦਬ ਜਾਂਦੀਆਂ ਹਨ। ਇਨ੍ਹਾਂ ਮਾਸਪੇਸ਼ੀਆਂ ਦਾ ਸਬੰਧ ਸਾਈਟਿਕ ਨਰਵ ਨਾਲ ਹੁੰਦਾ ਹੈ, ਜੋ ਪੈਰਾਂ ਤਕ ਪਹੁੰਚਦਾ ਹੈ। ਪੈਂਟ ਦੀ ਪਿਛਲੀ ਜੇਬ ’ਚ ਮੋਟਾ ਬਟੂਆ ਰੱਖ ਕੇ ਜ਼ਿਆਦਾ ਦੇਰ ਤਕ ਬੈਠ ਕੇ ਕੰਮ ਕਰਨ ਨਾਲ ਇਨ੍ਹਾਂ ਮਾਸਪੇਸ਼ੀਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ। ਅਜਿਹੀ ਸਥਿਤੀ ਵਾਰ-ਵਾਰ ਹੋਵੇ ਤਾਂ ਪਿਅਰੀ ਫੋਰਮਿਸ ਸਿੰਡ੍ਰੋਮ ਹੋ ਸਕਦਾ ਹੈ, ਜਿਸ ਨਾਲ ਮਰੀਜ਼ ਨੂੰ ਕਾਫੀ ਦਰਦ ਹੁੰਦਾ ਹੈ। ਜਦੋਂ ਸਾਈਟਿਕ ਨਸ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਤੇਜ਼ ਦਰਦ ਹੋਣ ਲੱਗਦਾ ਹੈ। ਇਸ ਨਾਲ ਪੱਟਾਂ ਤੋਂ ਲੈ ਕੇ ਪੰਜੇ ਤਕ ਕਾਫੀ ਦਰਦ ਹੁੰਦਾ ਹੈ।
ਸਪਾਈਨਲ ਜੁਆਇੰਟਸ, ਡਿਸਕ ਅਤੇ ਮਸਲਸ ’ਚ ਦਰਦ
ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾਕਟਰ ਅਭਿਸ਼ੇਕ ਵੈਸ਼ ਦੱਸਦੇ ਹਨ ਕਿ ਮੋਟਾ ਪਰਸ ਰੱਖਣ ਨਾਲ ਸਰੀਰ ਦਾ ਬੈਲੇਂਸ ਠੀਕ ਨਹੀਂ ਬਣਦਾ ਅਤੇ ਵਿਅਕਤੀ ਿਸੱਧਾ ਨਹੀਂ ਬੈਠ ਪਾਉਂਦਾ। ਇਸ ਕਾਰਨ ਰੀੜ੍ਹ ਦੀ ਹੱਡੀ ਵੀ ਝੁਕਦੀ ਹੈ, ਜਿਸ ਨਾਲ ਸਪਾਈਨਲ ਜੁਆਇੰਟਸ, ਮਸਲਸ ਅਤੇ ਡਿਸਕ ਆਦਿ ਵਿਚ ਦਰਦ ਹੁੰਦਾ ਹੈ। ਇਹ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਇਹ ਹੌਲੀ-ਹੌਲੀ ਇਸ ਨੂੰ ਡੈਮੇਜ ਵੀ ਕਰਨ ਲੱਗਦੇ ਹਨ।
ਡਾਕਟਰਾਂ ਦੇ ਸੁਝਾਅ
ਕਈ ਘੰਟੇ ਬੈਠਣਾ ਹੋਵੇ ਤਾਂ ਜੇਬ ’ਚੋਂ ਪਰਸ ਕੱਢ ਕੇ ਰੱਖ ਲਓ।
ਪੇਟ ਦੇ ਭਾਰ ਲੇਟ ਕੇ ਪੈਰਾਂ ਨੂੰ ਉੱਪਰ ਚੁੱਕਣ ਵਾਲੀ ਕਸਰਤ ਕਰੋ।
ਜਿਨ੍ਹਾਂ ਨੂੰ ਇਹ ਬੀਮਾਰੀ ਹੈ, ਉਹ ਜ਼ਿਆਦਾ ਦੇਰ ਤਕ ਕੁਰਸੀ ’ਤੇ ਨਾ ਬੈਠਣ।
ਡਰਾਈਵਿੰਗ ਕਰਦੇ ਹੋਏ ਜ਼ਿਆਦਾ ਦੇਰ ਤਕ ਨਹੀਂ ਬੈਠਣਾ ਚਾਹੀਦਾ।
ਛੋਟੇ ਪਰਸ ਦੀ ਵਰਤੋਂ ਕਰੋ ਜਾਂ ਪਰਸ ਅਗਲੀ ਜੇਬ ’ਚ ਪਾਓ।
ਚੂਲੇ ਅਤੇ ਲੱਕ ’ਚ ਦਰਦ, ਨਸਾਂ ’ਚ ਸੋਜ
ਫੋਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਦੇ ਨਿਊਰੋਸਰਜਰੀ ਵਿਭਾਗ ਦੇ ਡਾਇਰੈਕਟਰ ਡਾਕਟਰ ਰਾਹੁਲ ਗੁਪਤਾ ਅਨੁਸਾਰ ਪਿਛਲੀ ਜੇਬ ’ਚ ਮੋਟਾ ਪਰਸ ਰੱਖ ਕੇ ਬੈਠਣ ਨਾਲ ਲੱਕ ’ਤੇ ਵੀ ਦਬਾਅ ਪੈਂਦਾ ਹੈ, ਕਿਉਂਕਿ ਲੱਕ ਤੋਂ ਹੀ ਚੂਲੇ ਦੀ ਸਿਆਟਿਕ ਨਸ ਲੰਘਦੀ ਹੈ, ਇਸ ਲਈ ਇਸ ਦਬਾਅ ਦੇ ਕਾਰਣ ਚੂਲੇ ਅਤੇ ਲੱਕ ਵਿਚ ਦਰਦ ਹੋ ਸਕਦਾ ਹੈ। ਨਾਲ ਹੀ ਚੂਲੇ ਦੇ ਜੋੜਾਂ ਵਿਚ ਪਿਅਰੀ ਫੋਰਮਿਸ ਮਾਸਪੇਸ਼ੀਆਂ ’ਤੇ ਵੀ ਦਬਾਅ ਪੈਂਦਾ ਹੈ। ਖੂਨ ਦੇ ਸੰਚਾਰ ਦੇ ਵੀ ਰੁਕਣ ਦਾ ਖਤਰਾ ਰਹਿੰਦਾ ਹੈ। ਸਾਡੇ ਸਰੀਰ ਵਿਚ ਨਸਾਂ ਦਾ ਜਾਲ ਹੈ, ਜੋ ਇਕ ਅੰਗ ਤੋਂ ਦੂਜੇ ਅੰਗ ਨਾਲ ਜੋੜਦੀ ਹੈ। ਕਈ ਨਸਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਦਿਲ ਦੀਆਂ ਧਮਨੀਆਂ ਤੋਂ ਹੁੰਦੇ ਹੋਏ ਲੱਕ ਅਤੇ ਫਿਰ ਚੂਲੇ ਦੇ ਰਸਤੇ ਤੋਂ ਪੈਰਾਂ ਤਕ ਪਹੁੰਚਦੀਆਂ ਹਨ। ਪਰਸ ਰੱਖ ਕੇ ਲਗਾਤਾਰ ਬੈਠਣ ਨਾਲ ਇਨ੍ਹਾਂ ਨਸਾਂ ’ਤੇ ਦਬਾਅ ਪੈਂਦਾ ਹੈ, ਜਿਸ ਨਾਲ ਕਈ ਵਾਰ ਖੂਨ ਦਾ ਦੌਰਾ ਰੁਕ ਜਾਂਦਾ ਹੈ। ਅਜਿਹੀ ਸਥਿਤੀ ’ਚ ਲੰਮੇ ਸਮੇਂ ਤਕ ਬਣੇ ਰਹਿਣ ਨਾਲ ਨਸਾਂ ’ਚ ਸੋਜਿਸ਼ ਵਧ ਸਕਦੀ ਹੈ।
 

Sunny Mehra

This news is Content Editor Sunny Mehra