ਮੰਕੀਪਾਕਸ ਵਰਗੇ ਲੱਛਣਾਂ ਵਾਲੇ UAE ਯਾਤਰੀਆਂ ਨੂੰ ਜਹਾਜ਼ ’ਚ ਨਾ ਹੋਣ ਦਿਓ ਸਵਾਰ: ਭਾਰਤ

08/03/2022 11:22:10 AM

ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰਾਲਾ ਨੇ ਸੰਯੁਕਤ ਅਰਬ ਅਮੀਰਾਤ (UAE) ’ਚ ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਤੀਨਿਧੀ ਨੂੰ ਚਿੱਠੀ ਲਿਖ ਕੇ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਮੰਕੀਪਾਕਸ ਨਾਲ ਮਿਲਦੇ-ਜੁਲਦੇ ਲੱਛਣਾਂ ਵਾਲੇ ਯਾਤਰੀਆਂ ਨੂੰ ਜਹਾਜ਼ ’ਚ ਸਵਾਰ ਨਾ ਹੋਣ ਦਿੱਤਾ ਜਾਵੇ, ਤਾਂ ਕਿ ਦੇਸ਼ ’ਚ ਇਸ ਬੀਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ- ਕੇਰਲ ’ਚ ਇਕ ਹੋਰ ਮੰਕੀਪਾਕਸ ਦੇ ਮਾਮਲੇ ਦੀ ਪੁਸ਼ਟੀ, UAE ਤੋਂ ਪਰਤਿਆ ਵਿਅਕਤੀ ਆਇਆ ਪਾਜ਼ੇਟਿਵ

ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ UAE ’ਚ ਵਿਸ਼ਵ ਬਾਡੀਜ਼ ਦੇ ਕਾਰਜਕਾਰੀ ਡਾਇਰੈਕਟਰ ਅਤੇ ਕੌਮਾਂਤਰੀ ਹੈਲਥ ਰੈਗੂਲੇਸ਼ਨ (ਆਈ.ਐਚ.ਆਰ) ਦੇ ਸੰਪਰਕ ਬਿੰਦੂ ਡਾ. ਹੁਸੈਨ ਅਬਦੁਲ ਰਹਿਮਾਨ ਅਲੀ ਰੈਂਡ ਨੂੰ ਲਿਖੀ ਚਿੱਠੀ ’ਚ ਭਾਰਤ ’ਚ ਪਾਈਆਂ ਗਈਆਂ ਤਿੰਨ ਲਾਗਾਂ ਦਾ ਹਵਾਲਾ ਦਿੱਤਾ, ਜੋ ਕਿ ਖਾੜੀ ਦੇਸ਼ ਤੋਂ ਵਾਪਸ ਆਏ ਸਨ। ਉਨ੍ਹਾਂ ਕਿਹਾ ਕਿ ਭਾਰਤ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਵਿਚ ਮੰਕੀਪਾਕਸ ਲਾਗ ਦੇ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।

PunjabKesari

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

ਅਗਰਵਾਲ ਨੇ 1 ਅਗਸਤ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਕੌਮਾਂਤਰੀ ਸਿਹਤ ਰੈਗੂਲੇਸ਼ਨ (ਆਈ.ਐਚ.ਆਰ)-2005 ਦੀ ਧਾਰਾ 18 ਤਹਿਤ, WHO ਆਪਣੇ ਮੈਂਬਰ ਦੇਸ਼ਾਂ ਨੂੰ ਨਿਕਾਸੀ ਦੇ ਸਮੇਂ ਯਾਤਰੀਆਂ ਦੀ ਸਕ੍ਰੀਨਿੰਗ ਦੀ ਸਿਫਾਰਸ਼ ਕਰਦਾ ਹੈ ਅਤੇ ਕੌਮਾਂਤਰੀ ਸਿਹਤ ਐਮਰਜੈਂਸੀ ਚਿੰਤਾਵਾਂ ਦੇ ਮੱਦੇਨਜ਼ਰ ਲੋੜ ਪੈਣ 'ਤੇ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਾਉਣ ਦੀ ਆਗਿਆ ਦਿੰਦਾ ਹੈ। ਉਨ੍ਹਾਂ ਕਿਹਾ, "ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਨਿਕਾਸੀ 'ਤੇ ਜਾਂਚ ਹੋਰ ਸਖ਼ਤ ਕੀਤੀ ਜਾਵੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੰਕੀਪਾਕਸ ਨਾਲ ਮਿਲਦੇ-ਜੁਲਦੇ ਲੱਛਣਾਂ ਵਾਲੇ ਯਾਤਰੀ ਜਹਾਜ਼ ਵਿਚ ਨਾ ਚੜ੍ਹਨ ਅਤੇ ਦੇਸ਼ ਵਿਚ ਲਾਗ ਦੇ ਪ੍ਰਸਾਰ ਨੂੰ ਘੱਟ ਕੀਤਾ ਜਾ ਸਕੇ। ਅਗਰਵਾਲ ਨੇ ਇਸ ਚਿੱਠੀ ਦੀ ਕਾਪੀ WHO ਦੇ ਭਾਰਤ ’ਚ ਮੌਜੂਦ ਪ੍ਰਤੀਨਿਧੀ, ਵਿਦੇਸ਼ ਮੰਤਰਾਲੇ ’ਚ ਸੰਯੁਕਤ ਸਕੱਤਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਨੂੰ ਵੀ ਭੇਜੀ ਹੈ।

PunjabKesari

ਇਹ ਵੀ ਪੜ੍ਹੋ- ਦੇਸ਼ ’ਚ ਮੰਕੀਪਾਕਸ ਦੀ ਦਹਿਸ਼ਤ! ਕੇਂਦਰੀ ਸਿਹਤ ਮੰਤਰੀ ਨੇ ਕਿਹਾ- ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ

ਜ਼ਿਕਰਯੋਗ ਹੈ ਕਿ ਭਾਰਤ ’ਚ ਹੁਣ ਤੱਕ ਮੰਕੀਪਾਕਸ ਦੇ 8 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਮੰਕੀਪਾਕਸ ਤੋਂ ਪੈਦਾ ਹੋਣ ਵਾਲੇ ਹਾਲਾਤਾਂ ’ਤੇ ਕਰੀਬੀ ਨਜ਼ਰ ਰੱਖਣ ਅਤੇ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ।


Tanu

Content Editor

Related News