ਜੈਪੁਰ ਰਾਜ ਪਰਿਵਾਰ ਦੀ ਦੀਆ ਕੁਮਾਰੀ ਨੇ 21 ਸਾਲ ਬਾਅਦ ਮੰਗਿਆ ਤਲਾਕ

12/09/2018 4:09:38 PM

ਜੈਪੁਰ— ਰਾਜ ਪਰਿਵਾਰ ਦੀ ਦੀਆ ਕੁਮਾਰੀ ਨੇ ਆਪਣੇ ਪਤੀ ਨਰੇਂਦਰ ਸਿੰਘ ਤੋਂ ਤਲਾਕ ਲੈਣ ਦਾ ਫੈਸਲਾ ਲਿਆ ਹੈ। ਦੋਹਾਂ ਨੇ 21 ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਰਾਜ ਕੁਮਾਰੀ ਦੀਆ ਕੁਮਾਰ ਅਤੇ ਉਨ੍ਹਾਂ ਦੇ ਪਤੀ ਨਰੇਂਦਰ ਸਿੰਘ ਵੱਲੋਂ ਐਤਵਾਰ ਨੂੰ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਹੈ,''ਸਾਡੇ ਲਈ ਇਹ ਬਹੁਤ ਨਿੱਜੀ ਮਾਮਲਾ ਹੈ, ਇਸ ਲਈ ਅਸੀਂ ਆਪਸੀ ਰਜਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ ਅਤੇ ਕੁਝ ਨਹੀਂ ਦੱਸਣਾ ਚਾਹੁੰਦੇ ਹਾਂ।'' ਦੀਆ ਕੁਮਾਰੀ ਨੇ ਹਾਲ ਹੀ 'ਚ ਮਹਾਨਗਰ ਦੇ ਪਰਿਵਾਰਕ ਕੋਰਟ 'ਚ ਤਲਾਕ ਦਾ ਪ੍ਰਾਰਥਨਾ ਪੱਤਰ ਦਾਇਰ ਕੀਤਾ ਹੈ।

ਦੀਆ ਕੁਮਾਰੀ ਜੈਪੁਰ ਦੇ ਸਾਬਕਾ ਮਹਾਰਾਜ ਸਵਾਈ ਭਵਾਨੀ ਸਿੰਘ ਅਤੇ ਪਦਮਨੀ ਦੇਵੀ ਦੀ ਇਕਲੌਤੀ ਸੰਤਾਨ ਹੈ। ਉਨ੍ਹਾਂ ਨੇ ਵਿਵਾਦਾਂ ਦਰਮਿਆਨ 1997 'ਚ ਨਰੇਂਦਰ ਸਿੰਘ ਨਾਲ ਪ੍ਰੇਮ ਵਿਆਹ ਕੀਤਾ ਸੀ। ਰਾਜ ਕੁਮਾਰੀ ਦੀਆ ਕੁਮਾਰੀ ਅਤੇ ਨਰੇਂਦਰ ਸਿੰਘ ਦੇ ਇਕ ਹੀ ਗੋਤਰ ਹੋਣ ਦੇ ਬਾਵਜੂਦ ਪ੍ਰੇਮ ਵਿਆਹ ਕਰਨ ਨਾਲ ਹੋਰ ਰਾਜਪਰਿਵਾਰ ਅਤੇ ਰਾਜਪੂਤ ਸਮਾਜ 'ਚ ਨਾਰਾਜ਼ਗੀ ਸੀ। ਕੁਮਾਰੀ ਨੇ 2013 'ਚ ਸਿਆਸਤ 'ਚ ਕਦਮ ਰੱਖਿਆ ਅਤੇ ਭਾਜਪਾ ਦੀ ਉਮੀਦਵਾਰ ਦੇ ਰੂਪ 'ਚ ਸਵਾਈਮਾਧੋਪੁਰ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ 2013 'ਚ ਉਹ ਵਿਧਾਇਕ ਬਣੀ।