ਦਿਵਿਯਾ ਸਪੰਦਨਾ ਕਰਨਾਟਕ ਤੋਂ ਬਣ ਸਕਦੀ ਹੈ ਰਾਜ ਸਭਾ ਦੀ ਮੈਂਬਰ

02/15/2018 11:45:59 AM

ਨਵੀਂ ਦਿੱਲੀ— ਕਾਂਗਰਸ ਦੇ ਸੋਸ਼ਲ ਮੀਡੀਆ ਦੀ ਅਗਵਾਈ ਦਿਵਿਯਾ ਸਪੰਦਨਾ ਉਰਫ ਰਾਮਯਾ ਕਰ ਰਹੀ ਹੈ। ਉਨ੍ਹਾਂ ਹਾਰਵਰਡ ਕੈਨੇਡੀ ਸਕੂਲ 'ਚ ਹੋਏ ਇਕ ਵਿਚਾਰ-ਵਟਾਂਦਰੇ ਦੌਰਾਨ 'ਸੋਸ਼ਲ ਮੀਡੀਆ ਇਨ ਇੰਡੀਅਨ ਪੋਲੀਟਿਕਸ' ਵਿਸ਼ੇ 'ਤੇ ਵਿਖਿਆਨ ਦਿੱਤਾ। ਫਿਲਮ ਅਭਿਨੇਤਰੀ ਤੋਂ ਸਿਆਸਤਦਾਨ ਬਣੀ ਦਿਵਿਯਾ ਨੇ ਕਿਹਾ ਕਿ ਸਾਡੇ ਕੋਲ ਸੋਮਿਆਂ ਦੀ ਕਮੀ ਹੈ ਪਰ ਭਾਜਪਾ ਕੋਲ ਬਹੁਤ ਸੋਮੇ ਹਨ। ਇਸ ਦੇ ਬਾਵਜੂਦ ਸਾਡੀ ਟੀਮ ਵਧੀਆ ਕੰਮ ਕਰ ਰਹੀ ਹੈ। ਇਸੇ ਮੌਕੇ 'ਤੇ ਭਾਜਪਾ ਦੇ ਨੇਤਾ ਮਧੂਕੇਸ਼ਵਰ ਦੇਸਾਈ ਨੇ ਇਹ ਮੰਨਿਆ ਕਿ ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ ਟੀਮ ਵਧੀਆ ਕੰਮ ਕਰ ਰਹੀ ਹੈ। ਅਸਲ 'ਚ ਭਵਿੱਖ ਦੀਆਂ ਚੋਣ ਮੁਹਿੰਮਾਂ ਲਈ ਸੋਸ਼ਲ ਮੀਡੀਆ ਹੀ ਕੰਮ ਆਏਗਾ। ਦਿਲਚਸਪ ਗੱਲ ਇਹ ਹੈ ਕਿ ਦੇਸਾਈ ਨੂੰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜੋ ਉਨ੍ਹਾਂ ਲਈ ਕੁਝ ਪ੍ਰੇਸ਼ਾਨੀ ਵਾਲੇ ਸਨ। 
ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਭਾਜਪਾ ਤੇ ਉਨ੍ਹਾਂ ਦੇ ਹਮਾਇਤੀ ਸੋਸ਼ਲ ਮੀਡੀਆ 'ਤੇ ਝੂਠੀਆਂ ਖਬਰਾਂ ਕਿਉਂ ਫੈਲਾਉਂਦੇ ਹਨ। ਦੇਸਾਈ ਨੇ ਕਿਹਾ ਕਿ ਅਜਿਹੀਆਂ ਵੈੱਬਸਾਈਟਾਂ ਜਾਂ ਹੋਰ ਸਾਧਨ ਪਾਰਟੀ ਦੇ ਕੰਟਰੋਲ ਹੇਠ ਨਹੀਂ ਹਨ। ਇਸ ਗੱਲ ਦੀ ਅੱਜਕਲ ਬਹੁਤ ਚਰਚਾ ਹੈ ਕਿ ਰਾਹੁਲ ਗਾਂਧੀ ਦਿਵਿਯਾ ਸਪੰਦਨਾ ਨੂੰ ਕਰਨਾਟਕ ਤੋਂ ਰਾਜ ਸਭਾ ਦੀ ਮੈਂਬਰ ਬਣਾ ਸਕਦੇ ਹਨ। ਉਥੋਂ ਪਾਰਟੀ 2 ਸੀਟਾਂ ਜਿੱਤ ਸਕਦੀ ਹੈ।