ਜ਼ਿਲਾ ਅਧਿਕਾਰੀ ਦਾ ਤਬਾਦਲਾ, ਡੀ. ਪੀ. ਓ. ਮੁਅੱਤਲ

08/07/2018 10:27:36 AM

ਦੇਵਰੀਆ/ਲਖਨਊ— ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਸਥਿਤ ਇਕ ਬਾਲਿਕਾ ਆਸ਼ਰਮ ਵਿਚ ਲੜਕੀਆਂ ਕੋਲੋਂ ਕਥਿਤ ਤੌਰ 'ਤੇ ਵੇਸਵਾਪੁਣਾ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਰਕਾਰ ਨੇ ਤੁਰੰਤ ਕਾਰਵਾਈ ਕਰ ਕੇ ਇਸ ਦੀ ਸੁਪਰਡੈਂਟ ਕੰਚਨ ਲਤਾ, ਸੰਚਾਲਿਕਾ ਗਿਰਿਜਾ ਤ੍ਰਿਪਾਠੀ ਤੇ ਉਸ ਦੇ ਪਤੀ ਮੋਹਨ ਤ੍ਰਿਪਾਠੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਆਸ਼ਰਮ ਵਿਚੋਂ 18 ਲੜਕੀਆਂ ਗਾਇਬ ਹਨ।
ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਦੇਵਰੀਆ ਦੇ ਜ਼ਿਲਾ ਅਧਿਕਾਰੀ ਸੁਜੀਤ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਤੱਤਕਾਲੀਨ ਜ਼ਿਲਾ ਪ੍ਰੋਵੇਸ਼ਨ ਅਧਿਕਾਰੀ (ਡੀ. ਪੀ. ਓ.) ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਮੁਖ ਸਕੱਤਰ (ਮਹਿਲਾ ਤੇ ਪਰਿਵਾਰ ਭਲਾਈ) ਰੇਣੂਕਾ ਕੁਮਾਰ ਦੀ ਅਗਵਾਈ ਵਿਚ ਦੋ ਮੈਂਬਰੀ ਕਮੇਟੀ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ ਗਿਆ ਹੈ। ਦੇਵਰੀਆ ਦੇ ਪੁਲਸ ਸੁਪਰਡੈਂਟ ਰੋਹਨ ਪੀ. ਕਨਯਾ ਨੇ ਦੱਸਿਆ ਕਿ ਆਸ਼ਰਮ ਵਿਚ ਰਹਿਣ ਵਾਲੀਆਂ ਬੱਚੀਆਂ ਨੇ ਪੁਲਸ ਨੂੰ ਇਸ ਵਿਚ ਰਹਿ ਰਹੀਆਂ ਲੜਕੀਆਂ ਕੋਲੋਂ ਜ਼ਬਰੀ ਦੇਹ-ਵਪਾਰ ਕਰਾਉਣ ਦੀ ਗੱਲ ਦੱਸੀ ਸੀ। ਇਸੇ ਤਹਿਤ ਕਾਰਵਾਈ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਆਸ਼ਰਮ ਦੀ ਰਜਿਸਟਰੇਸ਼ਨ ਵੱਖ-ਵੱਖ ਬੇਨਿਯਮੀਆਂ ਦੇ ਦੋਸ਼ ਵਿਚ ਜੂਨ 2017 ਵਿਚ ਰੱਦ ਕਰ ਦਿੱਤੀ ਗਈ ਸੀ ਅਤੇ ਪ੍ਰਸ਼ਾਸਨ ਨੇ ਉਥੇ ਰਹਿ ਰਹੀਆਂ ਲੜਕੀਆਂ ਨੂੰ ਕਿਤੇ ਹੋਰ ਬਦਲਣ ਲਈ ਕਿਹਾ ਸੀ। ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ।


Related News