ਸਕੂਲ 'ਚ ਖਾਣਾ ਖਾਣ ਕਾਰਨ 90 ਵਿਦਿਆਰਥਣਾਂ ਬੀਮਾਰ

10/12/2017 11:35:33 PM

ਮਿਰਜ਼ਾਪੁਰ— ਯੂ.ਪੀ. ਦੇ ਮਿਰਜ਼ਾਪੁਰ ਜ਼ਿਲੇ ਦੀ ਮੜਿਹਾਨ ਤਹਿਸੀਲ ਨੇੜੇ ਸੰਚਾਲਿਤ ਸੂਬਾ ਆਸ਼ਰਮ ਪੱਧਤੀ ਲੜਕੀਆਂ ਦੇ ਸਕੂਲ ਵਿੱਚ ਵੀਰਵਾਰ ਨੂੰ ਫੂਡ ਪਾਇਜਿਨਿੰਗ ਕਾਰਨ ਕਰੀਬ 90 ਵਿਦਿਆਰਥਣਾਂ ਬੀਮਾਰ ਹੋ ਗਈਆਂ। ਵੀਰਵਾਰ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸਕੂਲ ਦੀਆਂ ਕਈ ਵਿਦਿਆਰਥਣਾਂ ਨੂੰ ਇੱਕ-ਇੱਕ ਕਰਕੇ ਉਲਟੀ ਅਤੇ ਦਸਤ ਹੋਣਾ ਸ਼ੁਰੂ ਹੋ ਗਿਆ।

ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਡਾਕਟਰਾਂ ਦੀ ਟੀਮ ਨੇ ਵਿਦਿਆਰਥਣਾਂ ਦਾ ਇਲਾਜ ਸ਼ੁਰੂ ਕੀਤਾ। 86 ਵਿਦਿਆਰਥਣਾਂ ਦਾ ਸਕੂਲ ਵਿੱਚ ਹੀ ਮੌਕੇ 'ਤੇ ਇਲਾਜ ਕੀਤਾ ਗਿਆ, ਜਦੋਂਕਿ 4 ਵਿਦਿਆਰਥਣਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੀ.ਐੱਚ.ਸੀ. ਵਿੱਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਮਾਜ ਕਲਿਆਣ ਵਿਭਾਗ ਦੇ ਤਹਿਤ ਚਲਣ ਵਾਲੇ ਇਸ ਰਿਹਾਇਸ਼ੀ ਆਸ਼ਰਮ ਪੱਧਤੀ ਸਕੂਲ ਵਿੱਚ ਮੌਜੂਦਾ ਸਮੇਂ ਵਿੱਚ 480 ਵਿਦਿਆਰਥਣਾਂ ਸਿੱਖਿਆ ਲੈ ਰਹੀਆਂ ਹਨ ।

ਵਿਦਿਆਰਥਣਾਂ ਦੀ ਸਿਹਤ ਬਾਰੇ ਦੱਸਦੇ ਹੋਏ ਐੱਸ.ਡੀ.ਐੱਮ. ਨੇ ਕਿਹਾ ਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਗਰਮੀ ਤੇ ਭੋਜਨ 'ਚ ਗੜਬੜੀ ਕਾਰਨ ਵਿਦਿਆਰਥਣਾਂ ਦੀ ਸਿਹਤ ਖਰਾਬ ਹੋਈ ਹੈ। ਐੱਸ.ਡੀ.ਐੱਮ. ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਤੇ ਇਸ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।