ਮੋਦੀ-ਸ਼ਾਹ ਦੀ ਮੌਜੂਦਗੀ ’ਚ ਹੋਵੇ ‘ਪੈਗਾਸਸ’ ਜਾਸੂਸੀ ਮੁੱਦੇ ’ਤੇ ਹੋਵੇ ਸੰਸਦ ’ਚ ਚਰਚਾ: ਖੜਗੇ

07/26/2021 2:21:45 PM

ਨਵੀਂ ਦਿੱਲੀ (ਭਾਸ਼ਾ)— ਸੰਸਦ ਦੇ ਦੋਹਾਂ ਸਦਨਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਚਲ ਰਹੀ ਖਿੱਚੋਂਤਾਣ ਦਰਮਿਆਨ ਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸੋਮਵਾਰ ਨੂੰ ਬੈਠਕ ਕੀਤੀ ਅਤੇ ਪੈਗਾਸਸ ਜਾਸੂਸੀ ਮਾਮਲੇ ’ਤੇ ਗੱਲਬਾਤ ਕਰਨ ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਵਿਸ਼ੇ ’ਤੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਰਾਜ ਸਭਾ ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੂੰ ਪੈਗਾਸਸ ਮਾਮਲੇ ’ਤੇ ਕਾਰਜ ਸਥਗਨ ਦਾ ਨੋਟਿਸ ਦਿੱਤਾ ਅਤੇ ਕਿਹਾ ਕਿ ਪ੍ਰਸ਼ਨਕਾਲ, ਸਿਫ਼ਰਕਾਲ ਅਤੇ ਦੂਜੇ ਕੰਮਕਾਜ ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਸ਼ੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਚਰਚਾ ਹੋਣੀ ਚਾਹੀਦੀ ਹੈ। 

ਖੜਗੇ ਦੇ ਚੈਂਬਰ ਵਿਚ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੰਥਨ ਕੀਤਾ। ਇਸ ਬੈਠਕ ਵਿਚ ਖ਼ੜਗੇ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਅਤੇ ਜੈਰਾਮ ਰਮੇਸ਼, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਅਤੇ ਕੁਝ ਹੋਰ ਨੇਤਾ ਮੌਜੂਦ ਸਨ। ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਵਾਰ-ਵਾਰ ਇਹ ਅਪੀਲ ਕੀਤੀ ਹੈ ਕਿ ਸਾਨੂੰ ਨਿਯਮ 267 ਤਹਿਤ ਚਰਚਾ ਦੀ ਆਗਿਆ ਦਿੱਤੀ ਜਾਵੇ, ਤਾਂ ਕਿ ਇਸ ਵਿਸ਼ੇ ਨਾਲ ਜੁੜੇ ਸਾਰੇ ਖ਼ੁਲਾਸੇ ਹੋ ਜਾਣ। ਉਨ੍ਹਾਂ ਦਾਅਵਾ ਕੀਤਾ ਕਿ ਪੈਗਾਸਸ ਜਾਸੂਸੀ ਮਾਮਲਾ ਦੇਸ਼ ਲਈ ਬਹੁਤ ਗੰਭੀਰ ਵਿਸ਼ਾ ਹੈ, ਕਿਉਂਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਜਾਸੂਸੀ ਕਰਵਾ ਰਹੀ ਹੈ। ਅੱਜ ਨਿਜਤਾ ਖ਼ਤਮ ਕੀਤੀ ਜਾ ਰਹੀ ਹੈ। ਸਾਰਿਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਸਰਕਾਰ ਜਿੰਨੀ ਵੀ ਸਾਡੀ ਆਵਾਜ਼ ਦਬਾਅ ਲਵੇ, ਅਸੀਂ ਲੋਕਾਂ ਦੀ ਆਵਾਜ਼ ਚੁੱਕਦੇ ਰਹਾਂਗੇ। ਜ਼ਿਕਰਯੋਗ ਹੈ ਕਿ ਪੈਗਾਸਸ ਜਾਸੂਸੀ ਮਾਮਲੇ, ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਲਗਾਤਾਰ ਵਿਰੋਧ ਬਣਾ ਹੋਇਆ ਹੈ। ਸੈਸ਼ਨ 19 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਇਸ ਤੋਂ ਬਾਅਦ ਹੁਣ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਹੰਗਾਮੇ ਕਾਰਨ ਰੁਕਾਵਟ ਬਣੀ ਹੈ। 

Tanu

This news is Content Editor Tanu