ਨਾਮ ''ਚ ਲੱਗ ਗਈ ਵੱਡੀ ਗਲਤੀ, ਠੀਕ ਹੋਏ ਮਰੀਜ਼ ਦੀ ਥਾਂ ''ਕੋਰੋਨਾ ਮਰੀਜ਼'' ਨੂੰ ਦਿੱਤੀ ਛੁੱਟੀ

06/13/2020 6:35:53 PM

ਗੁਹਾਟੀ (ਭਾਸ਼ਾ)— ਕਹਾਵਤ ਹੈ ਕਿ 'ਨਾਮ 'ਚ ਕੀ ਰੱਖਿਆ ਹੈ?' ਪਰ ਜਦੋਂ ਗੱਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀ ਹੋਵੇ ਤਾਂ ਨਾਮ ਵੀ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ। ਅਸਾਮ ਦੇ ਦਰੰਗ ਜ਼ਿਲੇ ਵਿਚ ਅਧਿਕਾਰੀਆਂ ਨੂੰ ਇਹ ਗੱਲ ਉਦੋਂ ਸਮਝ 'ਚ ਆਈ, ਜਦੋਂ ਨਾਮ ਵਿਚ ਸਮਾਨਤਾ ਦੀ ਵਜ੍ਹਾ ਤੋਂ ਠੀਕ ਹੋਏ ਮਰੀਜ਼ ਦੀ ਥਾਂ ਗਲਤੀ ਨਾਲ ਪੀੜਤ ਮਰੀਜ਼ ਨੂੰ ਹੀ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਦੋ ਦਿਨ ਪਹਿਲਾਂ ਦੀ ਹੈ, ਜਦੋਂ ਮੰਗਲਡੋਈ ਸਰਕਾਰੀ ਹਸਪਤਾਲ ਵਿਚ ਅਧਿਕਾਰੀ ਠੀਕ ਹੋ ਚੁੱਕੇ 14 ਮਰੀਜ਼ਾਂ ਨੂੰ ਛੁੱਟੀ ਦੇਣ ਲਈ ਉਨ੍ਹਾਂ ਦਾ ਨਾਮ ਪੁਕਾਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਆਪਣੇ ਵਰਗਾ ਨਾਮ ਸੁਣ ਕੇ ਕੋਵਿਡ-19 ਪੀੜਤ ਇਕ ਮਰੀਜ਼ ਅੱਗੇ ਆ ਗਿਆ, ਜਦਕਿ ਅਸਲ 'ਚ ਬੀਮਾਰੀ ਤੋਂ ਠੀਕ ਉਸ ਦੇ ਪਿੰਡ ਦਲਗਾਂਵ ਸਿਆਲਮਾਰੀ ਤੋਂ ਦੂਜਾ ਵਿਅਕਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਗਲਤੀ ਨਾਲ ਉਸ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਅਧਿਕਾਰੀਆਂ ਨੇ ਦੱਸਿਆ ਇਕ ਹਸਪਤਾਲ ਕਾਮਿਆਂ ਨੂੰ ਛੇਤੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਸ ਰਾਤ ਪੀੜਤ ਵਿਅਕਤੀ ਨੂੰ ਵਾਪਸ ਹਸਪਤਾਲ ਲਿਆਉਣ ਲਈ ਐਂਬੂਲੈਂਸ ਭੇਜੀ ਗਈ। ਉਨ੍ਹਾਂ ਨੇ ਕਿਹਾ ਕਿ ਸੰਜੋਗ ਨਾਲ ਸ਼ੁੱਕਰਵਾਰ ਨੂੰ ਹੋਈ ਕੋਵਿਡ-19 ਜਾਂਚ 'ਚ ਉਸ ਵਿਅਕਤੀ 'ਚ ਵਾਇਰਸ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ, ਜਿਸ ਦੀ ਥਾਂ ਉਹ ਗਲਤੀ ਨਾਲ ਚੱਲਾ ਗਿਆ ਸੀ। 

ਹਸਪਤਾਲ ਅਧਿਕਾਰੀਆਂ ਨੇ ਕਿਹਾ ਕਿ ਮਿਲਦੇ-ਜੁਲਦੇ ਨਾਮ ਦੀ ਵਜ੍ਹਾ ਤੋਂ ਅਤੇ ਮਰੀਜ਼ਾਂ ਦੀ ਚਿਹਰੇ ਮਾਸਕ ਨਾਲ ਢੱਕੇ ਹੋਣ ਕਾਰਨ ਇਹ ਗਲਤੀ ਹੋਈ। ਦਰੰਗ ਦੇ ਡਿਪਟੀ ਕਮਿਸ਼ਨਰ ਦਿਲੀਪ ਕੁਮਾਰ ਬੋਰਾ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਗਲਤੀ ਨਾਲ ਹਸਪਤਾਲ ਤੋਂ ਛੁੱਟੀ ਪਾਉਣ ਵਾਲੇ ਵਿਅਕਤੀ ਦੇ ਘਰ ਨੂੰ ਵਰਜਿਤ ਖੇਤਰ ਐਲਾਨ ਕੀਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਵਾਇਰਸ ਦੀ ਜਾਂਚ ਲਈ ਭੇਜੇ ਗਏ ਹਨ। ਸਿਹਤ ਮੰਤਰੀ ਹਿੰਮਤ ਬਿਸਵ ਸਰਮਾ ਨੇ ਕਿਹਾ ਕਿ ਅਸਾਮ ਵਿਚ ਹੁਣ ਤੱਕ ਵਾਇਰਸ ਦੇ 3600 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 2,000 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


Tanu

Content Editor

Related News