ਅਵਿਸ਼ਵਾਸ ਪ੍ਰਸਤਾਵ: ਸੋਮਵਾਰ ਨੂੰ ਸਦਨ ''ਚ ਫਿਰ ਹੋਵੇਗਾ ਸੰਘਰਸ਼

03/18/2018 1:31:43 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਲਈ ਵਾਈ.ਐੱਸ.ਆਰ. ਕਾਂਗਰਸ ਸੋਮਵਾਰ ਨੂੰ ਐੱਨ.ਡੀ.ਏ. ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਏਗੀ। ਇਕ ਨਿਊਜ਼ ਏਜੰਸੀ ਅਨੁਸਾਰ, ਵਾਈ.ਐੱਸ.ਆਰ. ਕਾਂਗਰਸ ਦੇ ਸੰਸਦ ਮੈਂਬਰ ਵਾਈ.ਵੀ. ਸੁੱਬਾ ਰੈੱਡੀ ਕੇਂਦਰ ਸਰਕਾਰ ਦੇ ਖਿਲਾਫ ਲੋਕ ਸਭਾ 'ਚ ਅਵਿਸ਼ਵਾਸ ਪ੍ਰਸਤਾਵ ਲਿਆਉਣਗੇ। ਇਸ ਮਾਮਲੇ 'ਚ ਰੈੱਡੀ ਨੇ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਨੋਟਿਸ ਭੇਜ ਕੇ ਇਸ ਮੁੱਦੇ ਨੂੰ ਸੋਮਵਾਰ ਨੂੰ ਸਦਨ ਦੀ ਕਾਰਵਾਈ 'ਚ ਸ਼ਾਮਲ ਕਰਨ ਲਈ ਕਿਹਾ ਸੀ। ਨਾਲ ਹੀ ਉਨ੍ਹਾਂ ਨੇ ਇਸ ਮੁੱਦੇ 'ਤੇ ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦਾ ਸਮਰਥਨ ਮੰਗਿਆ।

ਟੀ.ਡੀ.ਪੀ. ਕਰੇਗਾ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ?
ਜ਼ਿਕਰਯੋਗ ਹੈ ਕਿ ਆਂਧਰਾ 'ਚ ਸਿਆਸੀ ਮੁਕਾਬਲੇ 'ਚ ਜੁਟੀ ਵਾਈ.ਐੱਸ.ਆਰ. ਕਾਂਗਰਸ ਅਤੇ ਟੀ.ਡੀ.ਪੀ. ਨੇ ਵਿਸ਼ੇਸ਼ ਰਾਜ ਦਾ ਦਰਜਾ ਦੇਣ ਨਾਲ ਕੇਂਦਰ ਦੇ ਇਨਕਾਰ ਤੋਂ ਬਾਅਦ ਅਵਿਸ਼ਵਾਸ ਪ੍ਰਸਤਾਵ ਦਾ ਫੈਸਲਾ ਲਿਆ। ਇਸ ਲਈ ਉਨ੍ਹਾਂ ਨੇ ਵਿਰੋਧੀ ਦਲਾਂ 'ਤੇ ਵੀ ਦਬਾਅ ਬਣਾਇਆ ਤਾਂ ਕਿ ਉਨ੍ਹਾਂ ਦੀ ਭਾਜਪਾ ਦੇ ਖਿਲਾਫ ਜੋ ਨੀਤੀ ਹੈ, ਉਸ ਨੂੰ ਸਪੱਸ਼ਟ ਰੂਪ ਮਿਲ ਸਕੇ। ਆਂਧਰਾ 'ਚ ਉਂਝ ਤਾਂ ਤੇਲੁਗੂਦੇਸ਼ਮ (ਟੀ.ਡੀ.ਪੀ.) ਅਤੇ ਵਾਈ.ਐੱਸ.ਆਰ. ਇਕ-ਦੂਜੇ ਦੇ ਮੁਕਾਬਲੇਬਾਜ਼ ਹਨ, ਬਾਵਜੂਦ ਇਸ ਦੇ ਟੀ.ਡੀ.ਪੀ. ਨੇਤਾ ਅਤੇ ਰਾਜ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਕੇਂਦਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਨੂੰ ਸਮਰਥਨ ਦੇਣਗੇ।
ਭਾਜਪਾ ਦੀ ਚਿੰਤਾ, ਵਿਰੋਧੀ ਧਿਰ ਲਈ ਸੁਨਹਿਰਾ ਮੌਕਾ
ਐੱਨ.ਡੀ.ਏ. ਨੂੰ ਇਸ ਅਵਿਸ਼ਵਾਸ ਪ੍ਰਸਤਾਵ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਪਰ ਟੀ.ਡੀ.ਪੀ. ਦੇ ਵੱਖ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਭਾਜਪਾ ਦੇ ਖਿਲਾਫ ਬਣਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਨਾਲ ਪੂਰਾ ਵਿਰੋਧੀ ਧਿਰ ਇਕਜੁਟ ਨਜ਼ਰ ਆ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਥਿਤੀ ਕਦੇ ਵੀ ਉਲਟ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਅਵਿਸ਼ਵਾਸ ਪ੍ਰਸਤਾਵ ਨੂੰ ਵਿਰੋਧੀ ਧਿਰ ਐੱਨ.ਡੀ.ਏ. ਸਰਕਾਰ ਦੇ ਖਿਲਾਫ ਇਕ ਸੁਨਹਿਰੇ ਮੌਕੇ ਦੇ ਤੌਰ 'ਤੇ ਦੇਖ ਰਿਹਾ ਹੈ ਅਤੇ ਉਹ ਇਸ ਪ੍ਰਸਤਾਵ ਨੂੰ ਸਮਰਥਨ ਦੇ ਸਕਦਾ ਹੈ।