ਪ੍ਰਧਾਨ ਮੰਤਰੀ ਦੇ ਵਾਅਦੇ ਅਤੇ ਇਰਾਦੇ ''ਚ ਅੰਤਰ, ਔਰਤਾਂ ਨਾਲ ਸਿਰਫ਼ ਧੋਖਾ ਕੀਤਾ : ਰਾਹੁਲ ਗਾਂਧੀ

10/18/2022 1:57:55 PM

ਨਵੀਂ ਦਿੱਲੀ (ਭਾਸ਼ਾ)- ਬਿਲਿਕਸ ਬਾਨੋ ਮਾਮਲੇ ਦੀ ਪਿੱਠਭੂਮੀ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਅਤੇ ਇਰਾਦੇ 'ਚ ਅੰਤਰ ਸਾਫ਼ ਹੈ ਅਤੇ ਉਨ੍ਹਾਂ ਨੇ ਔਰਤਾਂ ਨਾਲ ਸਿਰਫ਼ ਧੋਖਾ ਕੀਤਾ ਹੈ। ਉਨ੍ਹਾਂ ਇਹ ਦੋਸ਼ ਉਸ ਸਮੇਂ ਲਗਾਇਆ ਹੈ, ਜਦੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਬਿਲਿਕਸ ਬਾਨੋ ਸਮੂਹਿਕ ਜਬਰ ਜ਼ਿਨਾਹ ਮਾਮਲੇ 'ਚ 11 ਦੋਸ਼ੀਆਂ ਨੂੰ ਮੁਆਫ਼ੀ ਦੇਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਗਈ ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਲਾਲ ਕਿਲੇ ਤੋਂ ਮਹਿਲਾ ਸਨਮਾਨ ਦੀ ਗੱਲ ਪਰ ਅਸਲੀਅਤ 'ਚ 'ਬਲਾਤਕਾਰੀਆਂ' ਦਾ ਸਾਥ। ਪ੍ਰਧਾਨ ਮੰਤਰੀ ਦੇ ਵਾਅਦੇ ਅਤੇ ਇਰਾਦੇ 'ਚ ਅੰਤਰ ਸਾਫ਼ ਹੈ, ਪ੍ਰਧਾਨ ਮੰਤਰੀ ਨੇ ਔਰਤਾਂ ਨਾਲ ਸਿਰਫ਼ ਧੋਖਾ ਕੀਤਾ ਹੈ।''

ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਰਾਹੁਲ ਗਾਂਧੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ,''ਦੇਸ਼ ਇੰਤਜ਼ਾਰ ਕਰ ਰਿਹਾ ਹੈ ਮੋਦੀ ਜੀ, ਕੁਝ ਇਸ ਮੁੱਦੇ 'ਤੇ ਵੀ ਆਪਣੇ ਮਨ ਦੀ ਗੱਲ ਦੱਸੋ।'' ਖੇੜਾ ਨੇ ਬਿਲਿਕਸ ਮਾਮਲੇ 'ਤੇ ਇਕ ਹੋਰ ਟਵੀਟ 'ਚ ਕਿਹਾ,''ਜਿੱਥੇ ਸਰਕਾਰ ਬਲਾਤਕਾਰ ਦੀ ਸ਼ਿਕਾਰ ਦਾ ਮਜ਼ਹਬ ਅਤੇ ਬਲਾਤਕਾਰੀ ਦਾ ਧਰਮ ਦੇਖ ਕੇ ਆਪਣੇ ਫ਼ੈਸਲੇ ਲਏ, ਕੀ ਉੱਥੇ ਹੁਣ ਕੁਝ ਬਚਿਆ ਹੈ ਲੜਨ ਨੂੰ?'' ਦੱਸਣਯੋਗ ਹੈ ਕਿ 21 ਸਾਲਾ ਬਿਲਿਕਸ ਬਾਨੋ ਤੋਂ ਗੋਧਰਾ ਟਰੇਨ ਅਗਨੀਕਾਂਡ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਉਸ ਦੀ 3 ਸਾਲ ਦੀ ਧੀ ਸਮੇਤ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਉਹ 5 ਮਹੀਨੇ ਦੀ ਗਰਭਵਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha