ਜੰਮੂ-ਕਸ਼ਮੀਰ ਦੇ ਸਾਬਕਾ DGP ਬੋਲੇ- ਘਾਟੀ ਦੇ ਹਿੰਦੂਆਂ ਨੂੰ ਦਿੱਤੇ ਜਾਣ ਹਥਿਆਰ ਅਤੇ ਟ੍ਰੇਨਿੰਗ

06/12/2020 7:12:09 PM

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਸ (ਡੀ.ਜੀ.ਪੀ.) ਐੱਸ.ਪੀ. ਵੈਦ ਨੇ ਕਸ਼ਮੀਰ 'ਚ ਘੱਟ ਗਿਣਤੀ ਹਿੰਦੂਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਟ੍ਰੇਨਿੰਗ ਦੇਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਲੇਜ ਡਿਫੈਂਸ ਕਮੇਟੀ ਫਾਰਮੂਲਾ ਨੂੰ ਪਲਾਨਿੰਗ ਦੇ ਨਾਲ ਲਾਗੂ ਕਰਣ ਨਾਲ ਕੋਈ ਨੁਕਸਾਨ ਨਹੀਂ ਹੈ। ਵੈਦ ਨੇ ਕਿਹਾ ਕਿ ਜੰਮੂ ਦੇ ਚਿਨਾਬ ਘਾਟੀ 'ਚ ਹਿੰਦੂਆਂ ਨੂੰ ਹਥਿਆਰ ਦਿੱਤੇ ਗਏ ਸਨ। ਇਸ ਨਾਲ 90 ਦੇ ਦਹਾਕੇ 'ਚ ਹਿੰਦੂਆਂ ਦੇ ਪਲਾਇਨ ਨੂੰ ਰੋਕਣ 'ਚ ਮਦਦ ਮਿਲੀ ਸੀ।

ਜੰਮੂ-ਕਸ਼ਮੀਰ ਪੁਲਸ ਦੇ ਸਾਬਕਾ ਡੀ.ਜੀ.ਪੀ. ਵੈਦ ਨੇ ਇਹ ਵੀ ਕਿਹਾ ਕਿ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਨਾਲ ਨਜਿੱਠਣ ਲਈ ਕਮਜ਼ੋਰ ਮੁਸਲਮਾਨਾਂ ਨੂੰ ਵੀ ਹਥਿਆਰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ, ਮੈਂ ਪਹਿਲਾ ਸ਼ਖਸ ਹਾਂ, ਜਿਸ ਨੇ ਜੰਮੂ-ਕਸ਼ਮੀਰ ਦੇ ਰਿਆਸੀ 'ਚ ਪਹਿਲੀ ਵਿਲੇਜ ਡਿਫੈਂਸ ਕਮੇਟੀ ਦਾ ਗਠਨ ਕੀਤਾ। ਇਜ਼ਰਾਇਲ ਦੀ ਤਰ੍ਹਾਂ ਕਸ਼ਮੀਰ ਘਾਟੀ 'ਚ ਵੀ ਕਮਜ਼ੋਰ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕਰਣ ਦੀ ਲੋੜ ਹੈ।

ਸਾਬਕਾ ਡੀ.ਜੀ.ਪੀ. ਐੱਸ.ਪੀ. ਵੈਦ ਨੇ ਇਹ ਵੀ ਕਿਹਾ ਕਿ ਕਸ਼ਮੀਰ ਘਾਟੀ 'ਚ ਵਿਲੇਜ ਡਿਫੈਂਸ ਕਮੇਟੀ ਗਠਿਤ ਕਰਣਾ ਮੁਸ਼ਕਲ ਕੰਮ ਹੈ ਪਰ ਅਸੰਭਵ ਨਹੀਂ ਹੈ। ਵੈਦ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸਰਪੰਚ ਅਜੈ ਪੰਡਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਜੈ ਪੰਡਿਤਾ ਦੀ ਹੱਤਿਆ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁਡ਼ੇ ਸੰਗਠਨ ਦਿ ਰੇਜਿਸਟੈਂਸ ਫਰੰਟ (TRF) ਨੇ ਲਈ ਸੀ।

ਅੱਤਵਾਦੀਆਂ ਨੇ ਸੋਮਵਾਰ ਸ਼ਾਮ 6 ਵਜੇ ਸਰਪੰਚ ਅਜੈ ਪੰਡਿਤਾ ਦੀ ਹੱਤਿਆ ਕੀਤੀ ਸੀ। ਅਜੈ ਪੰਡਿਤਾ ਕਾਂਗਰਸ ਦੇ ਮੈਂਬਰ ਸਨ। ਜਦੋਂ ਅੱਤਵਾਦੀਆਂ ਨੇ ਅਜੈ ਪੰਡਿਤਾ ਨੂੰ ਗੋਲੀ ਮਾਰੀ ਤਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਥੇ ਹੀ, ਅਜੈ ਪੰਡਿਤਾ ਦੀ ਹੱਤਿਆ ਨੂੰ ਲੈ ਕੇ ਦੇਸ਼ਭਰ 'ਚ ਰੋਸ ਹੈ। ਨਾਲ ਹੀ ਕਸ਼ਮੀਰੀ ਹਿੰਦੂਆਂ ਦੇ ਮੁੱਦੇ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ .

Inder Prajapati

This news is Content Editor Inder Prajapati