ਕਾਰਪੋਰੇਟ ਮਾਮਲਿਆਂ ਦੇ ਸਾਬਕਾ ਡੀ. ਜੀ. ਬੰਸਲ ਨੇ ਬੇਟੇ ਸਮੇਤ ਕੀਤੀ ਖੁਦਕੁਸ਼ੀ

09/27/2016 12:21:25 PM

ਨਵੀਂ ਦਿੱਲੀ— ਕਾਰਪੋਰੇਟ ਮਾਮਲਿਆਂ ਦੇ ਸਾਬਕਾ ਜਨਰਲ ਡਾਇਰੈਕਟਰ ਬੀ. ਕੇ. ਬੰਸਲ ਨੇ ਪੂਰਬੀ ਦਿੱਲੀ ਸਥਿਤ ਆਪਣੀ ਰਿਹਾਇਸ਼ ''ਤੇ ਆਪਣੇ ਬੇਟੇ ਨਾਲ ਕਥਿਤ ਤੌਰ ''ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਬੰਸਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇਕ ਮਾਮਲੇ ''ਚ ਸੀ. ਬੀ. ਆਈ. ਜਾਂਚ ਚੱਲ ਰਹੀ ਸੀ। ਲਗਭਗ 2 ਮਹੀਨੇ ਪਹਿਲਾਂ ਹੀ ਬੰਸਲ ਦੀ ਪਤਨੀ ਅਤੇ ਬੇਟੀ ਨੇ ਨੀਲਕੰਠ ਅਪਰਾਟਮੈਂਟ ਸਥਿਤ ਆਪਣੀ ਰਿਹਾਇਸ਼ ''ਤੇ ਪੱਖੇ ਨਾਲ ਲਟਕ ਦੇ ਖੁਦਕੁਸ਼ੀ ਕਰ ਲਈ ਸੀ। ਦੋਹਾਂ ਨੇ ਵੱਖ-ਵੱਖ ਸੁਸਾਈਡ ਨੋਟ ਛੱਡੇ ਸਨ, ਜਿਨ੍ਹਾਂ ''ਚ ਕਿਹਾ ਗਿਆ ਸੀ ਕਿ ਸੀ. ਬੀ. ਆਈ. ਦੀ ਛਾਪੇਮਾਰੀ ਨਾਲ ਵੱਡੀ ਬਦਨਾਮੀ ਹੋਈ ਹੈ ਅਤੇ ਇਸ ਤੋਂ ਬਾਅਦ ਜਿਊਣਾ ਨਹੀਂ ਚਾਹੁੰਦੀਆਂ। ਹਾਲਾਂਕਿ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। 
ਸੂਤਰਾਂ ਨੇ ਦੱਸਿਆ ਕਿ ਬੰਸਲ ਅਤੇ ਉਨ੍ਹਾਂ ਦਾ ਬੇਟਾ ਆਪਣੇ ਅਪਰਾਟਮੈਂਟ ''ਚ ਮ੍ਰਿਤਕ ਪਾਏ ਗਏ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ''ਚ ਵਧੀਕ ਸਕੱਤਰ ਪੱਧਰ ਦੇ ਅਧਿਕਾਰੀ ਬੰਸਲ ਨੂੰ ਇਕ ਪ੍ਰਸਿੱਧ ਦਵਾਈ ਕੰਪਨੀ ਕੋਲੋਂ ਕਥਿਤ ਤੌਰ ''ਤੇ ਰਿਸ਼ਵਤ ਲੈਣ ਦੇ ਦੋਸ਼ ''ਚ ਸੀ. ਬੀ. ਆਈ. ਨੇ 16 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੇ ਸਿਲਸਿਲੇ ''ਚ ਸੀ. ਬੀ. ਆਈ. ਨੇ 8 ਸਥਾਨਾਂ ''ਤੇ ਛਾਪੇਮਾਰੀ ਕੀਤੀ ਸੀ। ਏਜੰਸੀ ਨੇ ਇਸ ਛਾਪੇਮਾਰੀ ਦੌਰਾਨ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਬੰਸਲ ਨੂੰ ਬਾਅਦ ''ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਫਿਰ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਗਿਆ ਸੀ।