ਕਰਨਾਟਕ ’ਚ ਇਕ ਸ਼ਰਧਾਲੂ ਨੇ 6.5 ਲੱਖ ’ਚ ਖ਼ਰੀਦਿਆ ਨਾਰੀਅਲ, ਵਜ੍ਹਾ ਹੈ ਖ਼ਾਸ

09/10/2021 3:24:42 PM

ਬਗਲਕੋਟ- ਕਰਨਾਟਕ ਸਥਿਤ 12ਵੀਂ ਸਦੀ ਦੇ ਇਕ ਮੰਦਰ ’ਚ ਚੜ੍ਹਾਏ ਗਏ ਨਾਰੀਅਲ ਨੂੰ ਇਕ ਸ਼ਰਧਾਲੂ ਨੇ 6.5 ਲੱਖ ਰੁਪਏ ’ਚ ਖਰੀਦ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਮੰਦਰ ਬਗਲਕੋਟ ਜ਼ਿਲ੍ਹੇ ਦੇ ਜਮਖੰਡੀ ਨਾਮੀ ਕਸਬੇ ਕੋਲ ਚਿੱਕਾਲਕੀ ਪਿੰਡ ’ਚ ਸਥਿਤ ਹੈ। ਇਸ ਨਾਰੀਅਲ ਦਾ ਖਰੀਦਦਾਰ ਵਿਜੇਪੁਰਾ ਜ਼ਿਲ੍ਹੇ ਦੇ ਟਿਕੋਟਾ ਪਿੰਡ ਦਾ ਰਹਿਣ ਵਾਲਾ ਫ਼ਲ ਵਪਾਰੀ ਹੈ। ਮਹਾਵੀਰ ਹਰਕੇ ਨਾਮ ਦੇ ਇਸ ਸ਼ਖਸ ਨੇ ਕਿਹਾ,‘‘ਇਕ ਨਾਰੀਅਲ ਦੀ ਇੰਨੀ ਜ਼ਿਆਦਾ ਕੀਮਤ ਲਗਾਉਣ ਨੂੰ ਲੋਕ ਪਾਗਲਪਨ ਅਤੇ ਅੰਧਵਿਸ਼ਵਾਸ ਕਹਿ ਰਹੇ ਹਨ ਪਰ ਮੇਰੀ ਨਜ਼ਰ ’ਚ ਇਹ ਮੇਰੀ ਭਗਤੀ ਅਤੇ ਸਮਰਪਣ ਹੈ।’’ ਇਸ ਨਾਰੀਅਲ ਦੀ ਨੀਲਾਮੀ ਬੁੱਧਵਾਰ ਨੂੰ ਮਲਿੰਗਰਾਯਾ ਮੰਦਰ ਦੀ ਕਮੇਟੀ ਨੇ ਕੀਤੀ ਸੀ। ਇਸ ’ਚ ਪਿੰਡ ਵਾਲਿਆਂ ਅਤੇ ਦੂਜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਬੁੱਧਵਾਰ ਨੂੰ ਸਾਉਣ ਮਹੀਨੇ ਦਾ ਆਖ਼ਰੀ ਦਿਨ ਸੀ। ਇਸ ਦਿਨ ਇੱਥੇ ਸ਼੍ਰੀ ਬੀਰਲਿੰਗੇਸ਼ਵਰ ਮੇਲਾ ਵੀ ਸੀ। ਮੰਦਰ ਕਮੇਟੀ ਦੇ ਸਕੱਤਰ ਬਸੁ ਕਡਲੀ ਨੇ ਦੱਸਿਆ,‘‘ਭਗਵਾਨ ਮਲਿੰਗਰਾਯਾ ਨੂੰ ਸ਼ਿਵ ਜੀ ਦੇ ਨੰਦੀ ਦਾ ਅਵਤਾਰ ਮੰਨਿਆ ਜਾਂਦਾ ਹੈ। ਉਸ ਦੇ ਸਿੰਘਾਸਨ ’ਤੇ ਚੜ੍ਹਾਏ ਗਏ ਨਾਰੀਅਲ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਇਸ ਦੀ ਬੋਲੀ ਲਾਈ ਜਾਂਦੀ ਹੈ।’’

ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ

ਕਡਲੀ ਨੇ ਦੱਸਿਆ ਕਿ ਸਾਲਾਂ ਤੋਂ ਇਸ ਨਾਰੀਅਲ ਦੀ ਬੋਲੀ ਲਾਈ ਜਾ ਰਹੀ ਹੈ ਪਰ ਉਹ ਕਦੇ 10 ਹਜ਼ਾਰ ਰੁਪਏ ਦੇ ਪਾਰ ਨਹੀਂ ਗਈ ਪਰ ਇਸ ਵਾਰ ਬੋਲੀ ਇਕ ਹਜ਼ਾਰ ਤੋਂ ਹੋਈ ਅਤੇ ਮਿੰਟਾਂ ’ਚ ਇਕ ਲੱਖ ਤੱਕ ਪਹੁੰਚ ਗਈ। ਇਸ ਤੋਂ ਬਾਅਦ ਇਕ ਭਗਤ ਨੇ ਇਸ ਦੀ ਬੋਲੀ 3 ਲੱਖ ਲਗਾ ਦਿੱਤੀ। ਸਾਨੂੰ ਲੱਗਾ ਗੱਲ ਇੱਥੇ ਖ਼ਤਮ ਹੋ ਜਾਵੇਗੀ ਪਰ ਮਹਾਵੀਰ ਨੇ ਇਸ ਦੀ ਬੋਲੀ 6.5 ਲੱਖ ਲਗਾ ਕੇ ਨਾਰੀਅਲ ਖਰੀਦ ਲਿਆ। ਮੰਦਰ ਕਮੇਟੀ ਇਸ ਪੈਸਿਆਂ ਦੀ ਵਰਤੋਂ ਵਿਕਾਸ ਅਤੇ ਦੂਜੇ ਧਾਰਮਿਕ ਕੰਮਾਂ ’ਚ ਕਰੇਗੀ। ਹਰਕੇ ਨੇ ਨਾਰੀਅਲ ਦੀ ਇੰਨੀ ਉੱਚੀ ਕੀਮਤ ਕਿਉਂ ਲਾਈ, ਇਸ ’ਤੇ ਉਹ ਕਹਿੰਦੇ ਹਨ,‘‘ਜਦੋਂ ਮੇਰੀ ਸਿਹਤ ਖ਼ਰਾਬ ਹੋ ਗਈ ਸੀ, ਬਿਜ਼ਨੈੱਸ ’ਚ ਘਾਟਾ ਹੋਇਆ ਸੀ ਤਾਂ ਮੈਂ ਭਗਵਾਨ ਮਲਿੰਗਰਾਯਾ ਨੂੰ ਪ੍ਰਾਰਥਨਾ ਕੀਤੀ ਸੀ। ਕੁਝ ਹੀ ਮਹੀਨਿਆਂ ’ਚ ਮੇਰੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਗਈਆਂ। ਹੁਣ ਮੈਂ ਇਸ ਲੱਕੀ ਨਾਰੀਅਲ ਨੂੰ ਆਪਣੇ ਘਰ ਰੱਖਾਂਗਾ ਅਤੇ ਰੋਜ਼ ਪੂਜਾ ਕਰਾਂਗਾ।

ਇਹ ਵੀ ਪੜ੍ਹੋ : ਨੰਗੇ ਪੈਰ ਬੀਮਾਰ ਪਤਨੀ ਨੂੰ ਮੋਢਿਆਂ ’ਤੇ ਲੱਦ ਹਸਪਤਾਲ ਪਹੁੰਚਿਆ 70 ਸਾਲਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha