ਬਾਰਸ਼ ਦੇ ਬਾਵਜੂਦ ਜੰਮੂ ਤੋਂ ਸ਼੍ਰੀਨਗਰ ਵਿਚਾਲੇ ਆਵਾਜਾਈ ਜਾਰੀ

02/18/2017 2:13:13 PM

ਸ਼੍ਰੀਨਗਰ— ਕਸ਼ਮੀਰ ਘਾਟੀ ''ਚ ਰਾਤ ਭਰ ਬਾਰਸ਼ ਹੋਣ ਅਤੇ ਬੱਦਲ ਛਾਏ ਰਹਿਣ ਦੇ ਬਾਵਜੂਦ ਰਾਸ਼ਟਰੀ ਰਾਜਮਾਰਗ ''ਤੇ ਇਕ ਪਾਸੇ ਦੀ ਆਵਾਜਾਈ ਜਾਰੀ ਹੈ ਅਤੇ ਜੰਮੂ ਤੋਂ ਸ਼੍ਰੀਨਗਰ ਵਲ ਜਾਣ ਵਾਲੇ ਮਾਰਗ ''ਤੇ ਵੀ ਅੱਜ ਵਾਹਨ ਚੱਲ ਰਹੇ ਹਨ। ਇਕ ਆਵਾਜਾਈ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਬਾਰਸ਼ ਹੋਣ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਸਵੇਰ ਤੋਂ ਹੀ ਸੰਘਣੇ ਬੱਦਲ ਛਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਰਾਜਮਾਰਗ ''ਤੇ ਇਕ ਪਾਸੇ ਦੀ ਆਵਾਜਾਈ ਜਾਰੀ ਹੈ ਅਤੇ ਮਿੱਥੇ ਗਏ ਪ੍ਰੋਗਰਾਮ ਮੁਤਾਬਕ ਅੱਜ ਜੰਮੂ ਤੋਂ ਸ਼੍ਰੀਨਗਰ ਵਲ ਵਾਹਨ ਚੱਲਣਗੇ, ਹਾਲਾਂਕਿ ਇਸ ਤੋਂ ਉਲਟ ਦਿਸ਼ਾਂ ਤੋਂ ਫੌਜ ਅਤੇ ਨੀਮ ਸੁਰੱਖਿਆ ਬਲ ਸਮੇਤ ਕਿਸੇ ਵੀ ਵਾਹਨ ਨੂੰ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜੰਮੂ ਖੇਤਰ ਦੇ ਵੱਖ-ਵੱਖ ਇਲਾਕਿਆਂ ਤੋਂ ਯਾਤਰੀਆਂ ਅਤੇ ਜ਼ਰੂਰੀ ਚੀਜ਼ਾਂ ਨਾਲ ਲੱਦੇ ਸੈਂਕੜੇ ਵਾਹਨ ਅਤੇ ਟਰੱਕ ਸਵੇਰ ਤੋਂ ਘਾਟੀ ਲਈ ਰਵਾਨਾ ਹੋਏ। ਰਾਜਮਾਰਗ ਦੇ ਰੱਖ-ਰਖਾਅ ਲਈ ਜ਼ਿੰਮੇਦਾਰ ਸੀਮਾ ਸੜਕ ਸੰਗਠਨ ਰਾਜਮਾਰਗ ਨੂੰ ਦੋ ਪਾਸਿਓ ਆਵਾਜਾਈ ਲਈ ਸੁਰੱਖਿਅਤ ਬਣਾਉਣ ਦੇ ਕੰਮ ''ਚ ਪਹਿਲਾਂ ਤੋਂ ਹੀ ਜੁੱਟਿਆ ਹੋਇਆ ਹੈ। ਭੂਮੀ ਖਿਸਕਣ ਕਾਰਨ ਇਹ ਮਾਰਗ ਕਈ ਸਥਾਨਾਂ ਤੋਂ ਤੰਗ ਹੋ ਚੁੱਕਿਆ ਹੈ। ਬੀਤੇ ਇਕ ਮਹੀਨੇ ਤੋਂ ਭੂਮੀ ਖਿਸਕਣ ਅਤੇ ਬਰਫਬਾਰੀ ਕਾਰਨ ਇਸ ਰਾਜਮਾਰਗ ''ਤੇ ਆਵਜਾਈ ਵਾਰ-ਵਾਰ ਬੰਦ ਹੋ ਰਹੀ ਹੈ। ਇਸ ਕਾਰਨ ਘਾਟੀ ''ਚ ਸਬਜ਼ੀਆਂ ਅਤੇ ਮੀਟ ਤਰ੍ਹਾਂ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ''ਚ ਬਹੁਤ ਵਾਧਾ ਹੋ ਰਿਹਾ ਹੈ। ਉੱਤਰੀ ਕਸ਼ਮੀਰ ''ਚ ਭਾਰੀ ਬਰਫਬਾਰੀ ਕਾਰਨ ਸੜਕਾਂ ''ਤੇ ਬਰਫ ਦੇ ਜੰਮ ਜਾਣ ਕਾਰਨ ਕੰਟਰੋਲ ਰੇਖਾ ਦੇ ਕਈ ਇਲਾਕੇ ਵਿਸ਼ੇਸ਼ ਕਰ ਕੇ ਸਰਹੱਦੀ ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲਿਆਂ ਦੇ ਕਈ ਇਲਾਕਿਆਂ ਦਾ ਸੰਪਰਕ ਟੁੱਟ ਚੁੱਕਿਆ ਹੈ। ਪੂਰੇ ਉੱਤਰੀ ਕਸ਼ਮੀਰ ''ਚ ਰਾਤ ਭਰ ਬਾਰਸ਼ ਹੁੰਦੀ ਰਹੀ।