ਐੈੱਨ.ਡੀ.ਏ. ਦੇ ਹਰਿਵੰਸ਼ ਨਾਰਾਇਣ ਬਣੇ ਰਾਜਸਭਾ ਦੇ ਉਪ ਚੇਅਰਮੈਨ

08/10/2018 11:34:29 AM

ਨਵੀਂ ਦਿੱਲੀ— ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਦੇ ਉਮੀਦਵਾਰ ਹਰਿਵੰਸ਼ ਨੂੰ ਵੀਰਵਾਰ ਰਾਜ ਸਭਾ ਦਾ ਡਿਪਟੀ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਦੇ ਹੱਕ 'ਚ 125 ਮੈਂਬਰਾਂ ਨੇ ਵੋਟ ਪਾਈ, ਜਦਕਿ ਵਿਰੁੱਧ 105 ਵੋਟਾਂ ਪਈਆਂ।  ਹਾਊਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਵੈਂਕਈਆ ਨਾਇਡੂ ਨੇ ਜ਼ਰੂਰੀ ਦਸਤਾਵੇਜ਼ ਹਾਊਸ ਦੀ ਟੇਬਲ 'ਤੇ ਰਖਵਾਉਣ ਪਿੱਛੋਂ ਡਿਪਟੀ ਚੇਅਰਮੈਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਚੋਣ ਲਈ 9 ਨੋਟਿਸ ਮਿਲੇ ਹਨ। ਉਨ੍ਹਾਂ ਸਬੰਧਤ ਮੈਂਬਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਸਤਾਵ ਪੇਸ਼ ਕਰਨ ਲਈ ਕਿਹਾ। ਹਰਿਵੰਸ਼ ਦੇ ਹੱਕ 'ਚ 4 ਅਤੇ ਹਰਿ ਪ੍ਰਸਾਦ ਦੇ ਹੱਕ 'ਚ 5 ਪ੍ਰਸਤਾਵ ਪੇਸ਼ ਹੋਏ। ਹਾਊਸ 'ਚ ਕੁਲ 232 ਮੈਂਬਰ ਮੌਜੂਦ ਸਨ। ਜਨਤਾ ਦਲ (ਯੂ) ਦੇ ਬਿਹਾਰ ਤੋਂ ਮੈਂਬਰ ਹਰਿਵੰਸ਼ ਵਿਰੁੱਧ ਵਿਰੋਧੀ ਧਿਰ ਨੇ ਕਾਂਗਰਸ ਦੇ ਡੀ. ਕੇ. ਹਰਿ ਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਸਮਾਜਵਾਦੀ ਪਾਰਟੀ ਦੀ ਜਯਾ ਬੱਚਨ, ਕਾਂਗਰਸ ਦੇ ਵਿਪਲਵ ਠਾਕੁਰ ਅਤੇ ਡੀ. ਐੱਮ. ਕੇ. ਦੀ ਕਣੀਮੋਝੀ ਸਮੇਤ ਕੁਝ ਮੈਂਬਰ ਵੋਟਾਂ ਪੈਣ ਸਮੇਂ ਹਾਊਸ 'ਚ ਮੌਜੂਦ ਨਹੀਂ ਸਨ। ਦੂਜੇ ਪਾਸੇ ਬੀਜੂ ਜਨਤਾ ਦਲ, ਤੇਲੰਗਾਨਾ ਰਾਸ਼ਟਰ ਸਮਿਤੀ, ਸ਼ਿਵ ਸੈਨਾ  ਅਤੇ ਗੈਰ-ਸਬੰਧਤ ਇਕ ਮੈਂਬਰ ਅਮਰ ਸਿੰਘ ਨੇ ਹਰਿਵੰਸ਼ ਦੇ ਹੱਕ  'ਚ ਵੋਟ ਪਾਈ।
ਐੱਨ. ਡੀ. ਏ. ਨੂੰ ਇਕ ਵੋਟ ਵੱਧ ਮਿਲੀ-ਐੱਨ. ਡੀ. ਏ. ਕੋਲ ਰਾਜ ਸਭਾ 'ਚ 88 ਮੈਂਬਰ ਹਨ। ਉਸਨੇ 36 ਹੋਰ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ। ਇਸ ਤਰ੍ਹਾਂ ਐੱਨ. ਡੀ. ਏ. ਨੂੰ 124 ਵੋਟਾਂ ਦੀ ਉਮੀਦ ਸੀ ਪਰ ਉਸਨੂੰ ਇਕ ਵੋਟ ਵੱਧ ਹੀ ਮਿਲ ਗਈ। ਯੂ. ਪੀ. ਏ. ਕੋਲ 47 ਮੈਂਬਰ ਸਨ। ਉਸਨੇ 62 ਹੋਰ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ। ਇਸ ਹਿਸਾਬ ਨਾਲ ਉਸ  ਕੋਲ 109 ਮੈਂਬਰ ਹੋਣੇ ਚਾਹੀਦੇ ਸਨ ਪਰ ਉਸਨੂੰ 4 ਵੋਟਾਂ ਘੱਟ ਮਿਲੀਆਂ। 
ਜੇ. ਪੀ. ਅੰਦੋਲਨ ਤੋਂ ਪ੍ਰਭਾਵਿਤ ਹਨ ਹਰਿਵੰਸ਼-ਹਰਿਵੰਸ਼ ਜੈ ਪ੍ਰਕਾਸ਼ ਨਾਰਾਇਣ ਵਲੋਂ ਚਲਾਏ ਗਏ ਅੰਦੋਲਨ ਤੋਂ ਬਹੁਤ ਪ੍ਰਭਾਵਿਤ ਰਹੇ ਹਨ। ਉਹ 25 ਸਾਲ ਤੋਂ ਵੱਧ ਸਮੇਂ ਤਕ 'ਪ੍ਰਭਾਤ ਖਬਰ' ਨਾਮੀ ਅਖਬਾਰ ਦੇ ਮੁੱਖ ਸੰਪਾਦਕ ਰਹਿ ਚੁੱਕੇ ਹਨ। 30 ਜੂਨ 1956 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਪਿੰਡ ਸਿਤਾਬਦਿਆਰਾ ਵਿਖੇ ਪੈਦਾ ਹੋਏ ਹਰਿਵੰਸ਼ ਪ੍ਰਸਾਦ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਗ੍ਰੈਜੂਏਸ਼ਨ ਅਤੇ ਜਰਨਲਿਜ਼ਮ 'ਚ ਡਿਪਲੋਮਾ ਦੀ ਡਿਗਰੀ ਹਾਸਲ ਕੀਤੀ ਹੈ। 
ਹਰਿਵੰਸ਼ ਦੇ ਪਹਿਲੇ ਸੰਬੋਧਨ 'ਤੇ ਖੂਬ ਹੱਸੇ ਮੈਂਬਰ-ਡਿਪਟੀ ਚੇਅਰਮੈਨ ਚੁਣੇ ਜਾਣ ਪਿੱਛੋਂ ਜਦੋਂ ਹਰਿਵੰਸ਼ ਪਹਿਲੀ ਵਾਰ ਆਸਨ 'ਤੇ ਬੈਠੇ ਅਤੇ ਉਨ੍ਹਾਂ ਨੇ ਜਿਹੜੀ ਪਹਿਲੀ ਲਾਈਨ ਬੋਲੀ, ਨੂੰ ਸੁਣ ਕੇ ਸਾਰਾ ਹਾਊਸ ਹੱਸ-ਹੱਸ ਕੇ ਦੂਹਰਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁਸਕਰਾਉਂਦੇ ਨਜ਼ਰ ਆਏ। ਹਰਿਵੰਸ਼ ਨੇ ਸੀਟ 'ਤੇ ਪਹੁੰਚ ਕੇ ਹੱਥ ਜੋੜ ਕੇ ਸਭ ਦਾ ਅਭਿਵਾਦਨ ਕੀਤਾ ਅਤੇ ਫਿਰ ਪੜ੍ਹਿਆ, ''ਹਾਊਸ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕੀਤੀ ਜਾਂਦੀ ਹੈ।'' 
ਇਸ ਤੋਂ ਪਹਿਲਾਂ ਸੰਖੇਪ ਸੰਬੋਧਨ ਦੌਰਾਨ ਹਰੀਵੰਸ਼ ਨੇ ਕਿਹਾ ਕਿ ਉਹ ਮੈਂਬਰਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਚੇਅਰਮੈਨ, ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਆਗੂ ਅਤੇ ਸਭ ਪਾਰਟੀਆਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਹਰਿਵੰਸ਼ ਨੂੰ ਮੋਦੀ ਨੇ ਵਧਾਈ ਤੇ ਵਿਰੋਧੀ ਧਿਰ ਨੇ ਸਲਾਹ ਦਿੱਤੀ-ਹਰਿਵੰਸ਼ ਦੇ ਡਿਪਟੀ ਚੇਅਰਮੈਨ ਚੁਣੇ ਜਾਣ ਪਿੱਛੋਂ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ, ਉਥੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਲਾਹ ਵੀ ਦਿੱਤੀ। ਮੋਦੀ ਨੇ ਕਿਹਾ ਕਿ ਕਲਮ ਦੇ ਧਨੀ ਹਰਿਵੰਸ਼ ਕੋਲੋਂ ਸਭ ਮੈਂਬਰਾਂ ਨੂੰ ਸਿੱਖਣ ਦਾ ਮੌਕਾ ਮਿਲੇਗਾ। ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਹਰਿਵੰਸ਼ ਪਹਿਲਾਂ ਰਾਜਗ ਦੇ ਉਮੀਦਵਾਰ ਸਨ ਪਰ ਚੋਣ ਜਿੱਤਣ ਪਿੱਛੋਂ ਉਹ ਪੂਰੇ ਹਾਊਸ ਦੇ ਹੋ ਗਏ ਹਨ। ਉਹ ਆਪਣਾ ਕੰਮ ਚੰਗੇ ਢੰਗ ਨਾਲ ਕਰਨ। ਸਾਡੀਆਂ ਸ਼ੁਭ ਕਾਮਨਾਵਾਂ ਉਨ੍ਹਾਂ ਦੇ ਨਾਲ ਹਨ।
ਮੋਦੀ-ਨਿਤੀਸ਼ ਦੇ ਫੋਨ ਨੇ ਬਦਲੇ ਸਮੀਕਰਨ
ਐੱਨ. ਡੀ. ਏ. ਦੀ ਤਾਕਤ ਰਾਜ ਸਭਾ ਵਿਚ ਜਾਦੂਈ ਅੰਕੜੇ ਤੋਂ ਘੱਟ ਸੀ। ਚੋਣ ਦੇ ਐਲਾਨ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਨਤਾ ਦਲ (ਯੂ) ਦੇ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਫੋਨ 'ਤੇ ਗੱਲਬਾਤ ਕਰ ਕੇ ਐੱਨ. ਡੀ. ਏ. ਦੇ  ਉਮੀਦਵਾਰ ਹਰਿਵੰਸ਼ ਲਈ ਹਮਾਇਤ ਮੰਗੀ। ਦੋਵਾਂ ਦੇ ਫੋਨ ਨੇ ਸਾਰੇ ਸਮੀਕਰਨ ਬਦਲ ਦਿੱਤੇ। ਦੋਵਾਂ ਆਗੂਆਂ ਵਲੋਂ ਇਸਦੇ ਨਾਲ ਹੀ ਕੀਤੀ ਗਈ ਇਕ ਹੋਰ ਅਪੀਲ 'ਤੇ ਅੰਨਾ ਡੀ. ਐੱਮ. ਕੇ. ਅਤੇ ਟੀ. ਆਰ. ਐੱਸ. ਦੇ ਮੈਂਬਰਾਂ ਨੇ ਵੀ ਐੱਨ. ਡੀ. ਏ. ਦੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ। 
2 ਵਾਰ ਹੋਈ ਵੋਟਿੰਗ
ਡਿਪਟੀ ਚੇਅਰਮੈਨ ਦੀ ਚੋਣ ਲਈ 2 ਵਾਰ ਵੋਟਾਂ ਪੁਆਈਆਂ ਗਈਆਂ। ਪਹਿਲੀ ਵਾਰ ਹਰਿਵੰਸ਼ ਨੂੰ 115 ਅਤੇ ਦੂਜੀ ਵਾਰ 125 ਵੋਟਾਂ ਮਿਲੀਆਂ। ਪਹਿਲੀ ਵਾਰ ਕੁਝ ਵੋਟਾਂ ਠੀਕ ਢੰਗ ਨਾਲ ਨਾ ਪੈਣ ਕਾਰਨ  ਦੂਜੀ ਵਾਰ ਵੋਟਾਂ ਪੁਆਈਆਂ ਗਈਆਂ। 
ਪੀ. ਡੀ. ਪੀ. ਤੇ 'ਆਪ' ਨੇ ਵੋਟਿੰਗ 'ਚ ਨਹੀਂ ਲਿਆ ਹਿੱਸਾ
ਰਾਜ ਸਭਾ ਦੇ ਸਕੱਤਰੇਤ ਦੇ ਸੂਤਰਾਂ ਮੁਤਾਬਕ ਪੀ. ਡੀ. ਪੀ. ਦੇ 2 ਅਤੇ  'ਆਪ' ਦੇ 3 ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਇਹ ਗੱਲ ਪਹਿਲਾਂ ਤੋਂ ਤੈਅ ਸੀ ਕਿ ਉਕਤ ਦੋਵੇਂ ਪਾਰਟੀਆਂ ਭਾਜਪਾ ਹਮਾਇਤੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੀਆਂ ਪਰ ਸੂਤਰਾਂ  ਮੁਤਾਬਕ ਕਾਂਗਰਸ ਉਨ੍ਹਾਂ ਨਾਲ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਸਕੀ  ਜਿਸ ਕਾਰਨ ਉਨ੍ਹਾਂ ਕਿਸੇ ਦੇ ਵੀ ਹੱਕ ਵਿਚ ਵੋਟ ਨਹੀਂ ਪਾਈ। 
ਹੁਣ ਮੈਂਬਰਾਂ 'ਤੇ ਹਰੀ ਦੀ ਕਿਰਪਾ ਰਹੇਗੀ : ਮੋਦੀ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਬੋਲਣ ਦੀ ਸ਼ੈਲੀ ਲਈ ਜਾਣੇ ਜਾਂਦੇ ਹਨ। ਇਸ ਦੀ ਇਕ ਝਲਕ ਹਰਿਵੰਸ਼ ਦੇ ਡਿਪਟੀ ਚੇਅਰਮੈਨ ਚੁਣੇ ਜਾਣ ਦੇ ਮੌਕੇ 'ਤੇ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਹੁਣ ਹਾਊਸ ਦਾ ਮੰਤਰ ਬਣ ਜਾਵੇਗਾ ਹਰੀ ਕਿਰਪਾ। ਹੁਣ ਸਭ ਕੁਝ ਹਰੀ ਦੇ ਭਰੋਸੇ ਤੇ ਹੈ। ਮੈਨੂੰ ਯਕੀਨ ਹੈ ਕਿ ਸਭ ਸੰਸਦ ਮੈਂਬਰਾਂ 'ਤੇ ਹਰੀ ਦੀ ਕਿਰਪਾ ਰਹੇਗੀ। ਉਕਤ ਚੋਣ 'ਚ ਦੋਨੋਂ ਪਾਸੇ ਹਰਿ ਹੀ ਹਰਿ ਸਨ। ਇਕ ਪਾਸੇ ਹਰਿਵੰਸ਼ ਤੇ ਦੂਜੇ ਪਾਸੇ ਹਰਿ ਪ੍ਰਸਾਦ ਸਨ।  ਮੈਂ ਹਰਿ ਪ੍ਰਸਾਦ ਜੋ ਡਿਪਟੀ ਚੇਅਰਮੈਨ ਦੇ ਅਹੁਦੇ ਦੀ ਚੋਣ ਹਾਰ ਗਏ ਹਨ, ਨੂੰ ਵੀ ਲੋਕਰਾਜ ਦੀ ਸ਼ਾਨ ਦੇ ਸਤਿਕਾਰ ਦੀ ਵਧਾਈ ਦੇਣਾ ਚਾਹੁੰਦਾ ਹਾਂ।