ਬੈਂਕ ਤੋਂ ਨਹੀਂ ਨਿਕਲੇ ਪੈਸੇ, ਕਰ ਲਿਆ ''ਚਾਹ ''ਤੇ ਵਿਆਹ''

12/05/2016 3:32:24 AM

ਬੁਲੰਦਸ਼ਹਿਰ — ਜਹਾਂਗੀਰਬਾਦ ਇਲਾਕੇ ''ਚ ਐਤਵਾਰ ਨੂੰ ਹੋਇਆ ਇਕ ਵਿਆਹ ਚਰਚਾ ''ਚ ਹੈ। ਇਸ ਵਿਆਹ ''ਚ ਨਾ ਤਾਂ ਬੈਂਡ-ਵਾਜਾ ਸੀ ਅਤੇ ਨਾ ਹੀ ਡੀਜੇ। ਨਾ ਹੀ 56 ਤਰ੍ਹਾਂ ਦਾ ਭੋਜਨ ਬਣਾਇਆ ਗਿਆ ਸੀ। ਵਿਆਹ ''ਚ ਸ਼ਾਮਿਲ ਹੋਣ ਵਾਲਿਆਂ ਨੂੰ ਕੁਝ ਮਿਲਿਆ ਤਾਂ ਬਸ ਇਕ ਕੱਪ ਚਾਹ। 

ਜਹਾਂਗੀਰਬਾਦ ਇਲਾਕੇ ਦੇ ਪਿੰਡ ਜਲੀਲਪੁਰ ਦੇ ਵਿਜੇਂਦਰ ਸਿੰਘ ਦੇ ਬੇਟੇ ਦਿਨੇਸ਼ ਦਾ ਵਿਆਹਾ ਜੇਪੀ ਨਗਰ ਨਗਰ ਦੀ ਵੀਨਾ ਨਾਲ ਹੋਇਆ। ਵਿਆਹ ''ਚ ਆਏ ਮਹਿਮਾਨਾਂ ਨੂੰ ਦਾਅਵਤ ਦੀ ਜਗ੍ਹਾ ਚਾਹ ਪਿਲਾਈ ਗਈ। ਲਾੜੇ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਪੈਸੇ ਨਹੀਂ ਸਨ ਤਾਂ ਇਹੀ ਸਹੀ। ਬੈਂਕਾਂ ਦੀ ਲਾਈਨ ''ਚ ਕਈ ਦਿਨ ਲੱਗਣ ਤੋਂ ਬਾਅਦ ਵੀ ਪੈਸੇ ਨਾ ਮਿਲੇ ਤਾਂ ਇਹ ਚਾਹ ਵਾਲੇ ਵਿਆਹ ਦੀ ਤਰਕੀਬ ਸੁੱਝੀ। 
ਲਾੜੇ ਨੇ ਦੱਸਿਆ ਕਿ ਮੋਦੀ ਜੀ ਦੀ ਚਾਹ ''ਤੇ ਚਰਚਾ ਕਾਫੀ ਮਸ਼ਹੂਰ ਹੈ ਤਾਂ ਉਨ੍ਹਾਂ ਵੀ ਲੜਕੀ ਪੱਖ ਦੇ ਲੋਕਾਂ ਤੋਂ ਕੇਵਲ ਚਾਹ ਦੀ ਮੰਗ ਰੱਖੀ। ਬਸ ਫਿਰ ਕੀ ਸੀ ਲੜਕੀ ਪੱਖ ਦੇ ਲੋਕਾਂ ਨੇ ਬਰਾਤੀਆਂ ਦਾ ਸਵਾਗਤ ਚਾਹ ਨਾਲ ਕੀਤਾ। ਚਾਹ ਵਾਲੇ ਇਸ ਅਨੋਖੇ ਵਿਆਹ ਨੂੰ ਵੇਖਣ ਲਈ ਪੂਰੇ ਜਲੀਪੁਰ ਦੇ ਨਾਗਰਿਕ ਮੰਦਿਰ ਪਹੁੰਚੇ। ਲਾੜੇ ਦੇ ਪਿਤਾ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ 10 ਦਿਨ ਬੈਂਕਾਂ ਦੇ ਬਾਹਰ ਲਾਈਨ ''ਚ ਲੱਗਣ ਤੋਂ ਬਾਅਦ ਕੇਵਲ ਦੋ ਹਜ਼ਾਰ ਰੁਪਏ ਮਿਲੇ। ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੱਡੇ ਅਧਿਕਾਰੀਆਂ ਤੋਂ ਲਿਖਵਾ ਕੇ ਲਿਆਓ। 
ਅਸੀਂ ਵੱਡੇ ਅਧਿਕਾਰੀਆਂ ਤੋਂ ਲਿਖਵਾ ਕੇ ਵੀ ਲਿਆਏ, ਪਰ ਬੈਂਕ ਕਰਮਚਾਰੀਆਂ ਨੇ ਕੈਸ਼ ਦੇਣ ਤੋਂ ਮਨ੍ਹਾ ਕਰ ਦਿੱਤਾ। ਵਿਆਹ ''ਚ ਸ਼ਾਮਿਲ ਹੋਣ ਆਏ ਰਣਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਪੈਸੇ ਬੈਂਕ ''ਚ ਜਮ੍ਹਾ ਹਨ। ਕਈ ਦਿਨਾਂ ਤੱਕ ਲਾਈਨ ''ਚ ਲੱਗਣ ਤੋਂ ਬਾਅਦ ਵੀ ਦੋਵਾਂ ਪੱਖਾਂ ਨੂੰ ਪੈਸੇ ਨਹੀਂ ਮਿਲ ਸਕੇ। ਇਸ ਵਿਆਹ ''ਚ ਦਾਨ-ਦਹੇਜ ਵੀ ਨਹੀਂ ਦਿੱਤਾ ਗਿਆ।