ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੌਸੰਮੀ ਦਾ ਜੂਸ ਚੜ੍ਹਾਉਣ ਵਾਲੇ ਹਸਪਤਾਲ ਨੂੰ ਢਾਹੁਣ ਦੀ ਤਿਆਰੀ

10/26/2022 12:55:03 PM

ਪ੍ਰਯਾਗਰਾਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਧੂਮਨਗੰਜ ਥਾਣਾ ਖੇਤਰ ਦੇ ਝਲਵਾ ਵਿਖੇ ਉਸ ਹਸਪਤਾਲ ਦੇ ਭਵਨ ਨੂੰ ਪ੍ਰਯਾਗਰਾਜ ਵਿਕਾਸ ਅਥਾਰਟੀ (ਪੀ.ਡੀ.ਏ.) ਨੇ ਢਾਹੁਣ ਦੀ ਤਿਆਰੀ ਕੀਤੀ ਹੈ, ਜਿਸ ਨੇ ਡੇਂਗੂ ਨਾਲ ਪੀੜਤ ਇਕ ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੌਸੰਮੀ ਜੂਸ ਚੜ੍ਹਾ ਦਿੱਤਾ ਸੀ। ਪੀ.ਡੀ.ਏ. ਵੱਲੋਂ ਗਲੋਬਲ ਹਸਪਤਾਲ ਦੀ ਸਵਾਮੀ ਮਾਲਤੀ ਦੇਵੀ ਨੂੰ 19 ਅਕਤੂਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ 'ਚ ਉਸ ਬਿਲਡਿੰਗ ਨੂੰ ਅਣਅਧਿਕਾਰਤ ਉਸਾਰੀ ਦੱਸਿਆ ਗਿਆ ਹੈ, ਜਿੱਥੇ ਇਹ ਹਸਪਤਾਲ ਸੰਚਾਲਿਤ ਹੋ ਰਿਹਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਪ੍ਰਯਾਗਰਾਜ ਵਿਕਾਸ ਅਥਾਰਟੀ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਲਈ ਪਹਿਲਾਂ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਆਪਣਾ ਪੱਖ ਰੱਖਣ ਲਈ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਪਲੇਟਲੈਟਸ ਦੀ ਜਗ੍ਹਾ ਚੜ੍ਹਾਇਆ ਮੋਸੰਮੀ ਦਾ ਜੂਸ, ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਸੀਲ

ਨੋਟਿਸ 'ਚ ਕਿਹਾ ਗਿਆ ਹੈ ਕਿ ਹਾਲਾਂਕਿ, ਸੁਣਵਾਈ ਦੀ ਤਾਰੀਖ਼ 'ਤੇ ਹਾਜ਼ਰ ਨਾ ਹੋਣ ਅਤੇ ਮਾਲਕੀ ਸੰਬੰਧ ਰਿਕਾਰਡ ਅਤੇ ਨਕਸ਼ਾ ਪੇਸ਼ ਨਹੀਂ ਕਰਨ ਕਾਰਨ ਢਾਹੁਣ ਦਾ ਆਦੇਸ਼ ਪਾਸ ਕੀਤਾ ਗਿਆ ਹੈ। ਭਵਨ 'ਚ ਸਥਿਤ ਹਸਪਤਾਲ ਨੂੰ 28 ਅਕਤੂਬਰ ਸਵੇਰੇ 11 ਵਜੇ ਤੱਕ ਖ਼ਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਹਸਪਤਾਲ 'ਚ ਮੌਸੰਮੀ ਦਾ ਜੂਸ ਚੜ੍ਹਾਉਣ ਨਾਲ ਮਰੀਜ਼ ਪ੍ਰਦੀਪ ਪਾਂਡੇ ਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਦੂਜੇ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਪ੍ਰਸਾਰਿਤ ਹੋਣ ਤੋਂ ਬਾਅਦ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਟਵੀਟ ਅਤੇ ਉਨ੍ਹਾਂ ਦੇ ਆਦੇਸ਼ 'ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਉਸ ਹਸਪਤਾਲ ਨੂੰ 20 ਸਤੰਬਰ ਨੂੰ ਸੀਲ ਕਰ ਦਿੱਤਾ ਗਿਆ ਸੀ, ਜਿੱਥੇ ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੌਸੰਮੀ ਦਾ ਜੂਸ ਚੜ੍ਹਾਇਆ ਗਿਆ ਸੀ। ਹਸਪਤਾਲ ਨੂੰ ਸੀਲ ਕੀਤੇ ਜਾਣ ਦੇ ਅਗਲੇ ਦਿਨ ਪ੍ਰਯਾਗਰਾਜ ਪੁਲਸ ਨੇ ਨਕਲੀ ਪਲੇਟਲੈਟਸ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha