ਹਿੰਦੋਸਤਾਨੀ ਮੌਲਵੀਆਂ ਦੀ ਮੰਗ, ਹਾਫਿਜ਼ ਨੂੰ ਕਰੋ ਸਾਡੇ ਹਵਾਲੇ, ਅਸੀਂ ਦਿਆਂਗੇ ਉਸ ਨੂੰ ਸ਼ਰੇਆਮ ਫਾਂਸੀ

12/05/2017 10:32:24 AM

ਮੁੰਬਈ— 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਮੁੰਬਈ ਦੇ ਗੁਨਾਹਗਾਰ ਅੱਤਵਾਦੀ ਹਾਫਿਜ਼ ਸਈਦ ਨੂੰ ਰਿਹਾਅ ਕਰਨ 'ਤੇ ਹਿੰਦੋਸਤਾਨ ਦੇ ਮੌਲਵੀ ਭੜਕ ਉੱਠੇ ਹਨ। ਇਨ੍ਹਾਂ ਮੌਲਵੀਆਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਜੇ ਪਾਕਿਸਤਾਨ ਅੱਤਵਾਦੀ ਹਾਫਿਜ਼ ਸਈਦ ਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਉਸ ਨੂੰ ਹਿੰਦੋਸਤਾਨ ਨੂੰ ਸੌਂਪ ਦੇਵੇ ਤਾਂ ਕਿ ਇਥੋਂ ਦੇ ਮੁਸਲਮਾਨ ਉਸ ਨੂੰ ਸ਼ਰੇਆਮ ਚੌਕ 'ਚ ਫਾਂਸੀ ਦੇ ਸਕਣ। 
ਦੱਸ ਦੇਈਏ ਕਿ ਮੁੰਬਈ ਸਥਿਤ ਰਜ਼ਾ ਅਕਾਦਮੀ ਦੇ ਦਫਤਰ 'ਚ ਤਾਜ਼ਦਾਰ-ਏ-ਖਤਮ-ਏ-ਨਬੂਵਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਮੁੰਬਈ ਦੇ ਵੱਡੇ ਮੌਲਵੀ ਮੌਜੂਦ ਸਨ। ਇਨ੍ਹਾਂ ਮੌਲਵੀਆਂ ਨੇ ਅੱਤਵਾਦੀ ਹਾਫਿਜ਼ ਸਈਦ 'ਤੇ ਪਾਕਿਸਤਾਨੀ ਸਰਕਾਰ ਵੱਲੋਂ ਨਰਮੀ ਵਰਤਣ 'ਤੇ ਜਿਥੇ ਨਾਰਾਜ਼ਗੀ ਜਤਾਈ ਉਥੇ ਪਾਕਿਸਤਾਨੀ ਸੰਸਦ 'ਚ ਕਾਦੀਆਨਾ ਤਬਕੇ ਵੱਲੋਂ ਖਤਮ-ਏ-ਨਬੂਵਤ ਬਿੱਲ ਦੇ ਕੀਤੇ ਵਿਰੋਧ ਦੀ ਵੀ ਨਿੰਦਾ ਕੀਤੀ। ਬੈਠਕ 'ਚ ਕਾਜ਼ੀ ਅਬਦੁੱਰ ਰਹਿਮਾਨ ਨੇ ਕਿਹਾ ਕਿ ਪਾਕਿ ਸਰਕਾਰ ਹਾਫਿਜ਼ ਸਈਦ 'ਤੇ ਨਰਮੀ ਦਿਖਾ ਰਹੀ ਹੈ, ਜਿਸ ਕਾਰਨ ਕੋਰਟ ਨੇ ਉਸ ਨੂੰ ਰਿਹਾਅ ਕਰ ਦਿੱਤਾ।
ਇਸ ਗੁਨਾਹਗਾਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਜੇ ਪਾਕਿਸਤਾਨ ਉਸ ਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਉਹ ਉਸ ਨੂੰ ਹਿੰਦੋਸਤਾਨ ਨੂੰ ਸੌਂਪ ਦੇਵੇ ਤਾਂ ਕਿ ਇਥੋਂ ਦੇ ਮੁਸਲਮਾਨ ਉਸ ਨੂੰ ਸ਼ਰੇਆਮ ਚੌਕ 'ਚ ਫਾਂਸੀ ਦੇ ਸਕਣ। ਮੌਲਾਨਾ ਅਮਾਨਉੱਲ੍ਹਾ ਰਜ਼ਾ ਨੇ ਵੀ ਪਾਕਿ 'ਤੇ ਭੜਕਦਿਆਂ ਕਿਹਾ ਕਿ ਅਮਨ ਦਾ ਦੇਸ਼ ਕਹਾਉਣ ਵਾਲਾ ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣ ਗਿਆ ਹੈ। ਉਹ ਹਿੰਦੋਸਤਾਨ 'ਚ ਅੱਤਵਾਦ ਦੀ ਖੇਡ ਖੇਡ ਕੇ ਬੇਗੁਨਾਹਾਂ ਦਾ ਖੂਨ ਵਹਾ ਰਿਹਾ ਹੈ, ਜਿਸ ਨੂੰ ਇਥੋਂ ਦੇ ਮੁਸਲਮਾਨ ਬਰਦਾਸ਼ਤ ਨਹੀਂ ਕਰਨਗੇ। 
ਮੌਲਾਨਾ ਖਲੀਲੁੱਰ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ 'ਚ ਹਿਜੜਿਆਂ ਦੀ ਸਰਕਾਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਾਫਿਜ਼ ਨੂੰ ਪਾਕਿਸਤਾਨ ਤੁਰੰਤ ਜੇਲ 'ਚ ਸੁੱਟ ਦੇਵੇ ਤਾਂ ਕਿ ਉਹ ਕੋਈ ਨਵੀਂ ਸ਼ਰਾਰਤ ਨਾ ਕਰ ਸਕੇ। ਰਜ਼ਾ ਅਕਾਦਮੀ ਦੇ ਜਨਰਲ ਸਕੱਤਰ ਸਈਦ ਨੂਰੀ ਨੇ ਕਿਹਾ ਕਿ ਹਾਫਿਜ਼ ਦੀ ਮੁੜ ਗ੍ਰਿਫਤਾਰੀ ਤੇ ਉਥੇ ਮੌਲਵੀਆਂ 'ਤੇ ਅੱਤਿਆਚਾਰਾਂ ਨੂੰ ਲੈ ਕੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਪੱਤਰ ਭੇਜਿਆ ਜਾਵੇਗਾ ਅਤੇ ਇਥੋਂ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ।