ਮੋਹਲੇਧਾਰ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਬਣੀਆਂ ਤਾਲਾਬ, ਮੌਸਮ ਵਿਭਾਗ ਨੇ ਜਾਰੀ ਕੀਤਾ 'ਯੈਲੋ ਅਲਰਟ' (ਤਸਵੀਰਾਂ)

07/08/2023 6:48:47 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਨੂੰ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਦਿੱਲੀ 'ਚ ਇਹ ਮਾਨਸੂਨ ਦੀ ਪਹਿਲੀ ਭਾਰੀ ਬਾਰਿਸ਼ ਸੀ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਸ਼ਹਿਰ 'ਚ ਹੋਰ ਬਾਰਿਸ਼ ਨੂੰ ਲੈ ਕੇ ਓਰੇਂਜ ਅਲਰਟ ਅਤੇ ਐਤਵਾਰ ਲਈ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਹੈ। 

ਵਿਭਾਗ ਨੇ ਦੱਸਿਆ ਕਿ ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ 'ਚ ਦੁਪਹਿਰ 2.30 ਵਜੇ ਤੱਕ 98.7 ਮਿਲੀਮੀਟਰ ਅਤੇ ਰਿਜ ਆਬਜ਼ਰਵੇਟਰੀ 'ਚ 111.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। 

ਮੌਸਮ ਵਿਭਾਗ ਨੇ ਇਕ ਟਵੀਟ ਵਿਚ ਕਿਹਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਅਸੰਧ, ਸਫੀਦੋਂ, ਪਾਣੀਪਤ, ਗੋਹਾਨਾ, ਗਨੌਰ, ਮਹਿਮ, ਸੋਨੀਪਤ, ਰੋਹਤਕ, ਖਰਖੋਦਾ, ਭਿਵਾਨੀ, ਚਰਖੀ ਦਾਦਰੀ, ਮੱਤਨਹੇਲ, ਝੱਜਰ ਸਮੇਤ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਕੋਸਲੀ, ਸੋਹਨਾ, ਰੇਵਾੜੀ (ਹਰਿਆਣਾ) ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ।

ਰਾਸ਼ਟਰੀ ਰਾਜਧਾਨੀ 'ਚ ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਨੇ ਕਿਹਾ ਕਿ ਉਸ ਨੂੰ ਸਵੇਰ ਤੋਂ ਪਾਣੀ ਭਰਨ ਦੀਆਂ 15 ਸ਼ਿਕਾਇਤਾਂ ਮਿਲੀਆਂ ਹਨ। 

ਪੀ.ਡਬਲਯੂ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਜਾਂ ਹੋਰ ਏਜੰਸੀਆਂ ਦੇ ਅਧੀਨ ਆਉਣ ਵਾਲੇ ਹੋਰ ਖੇਤਰਾਂ ਵਿਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ। ਅਸੀਂ ਉਨ੍ਹਾਂ ਸ਼ਿਕਾਇਤਾਂ ਨੂੰ ਅਗੇ ਭੇਜ ਦਿੱਤਾ ਹੈ। ਹੁਣ ਤੱਕ ਸਥਿਤੀ ਕਾਬੂ ਹੇਠ ਹੈ। ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿਚ ਸਥਿਤ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਆਲੇ-ਦੁਆਲੇ ਦੀਆਂ ਸੜਕਾਂ ਵੀ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਆਈ.ਐੱਮ.ਡੀ. ਨੇ ਦਿਨ ਦੇ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਦੇ ਨਾਲ ਆਮ ਤੌਰ 'ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਸ਼ਹਿਰ ਵਿੱਚ ਸਾਪੇਖਿਕ ਨਮੀ 96 ਫੀਸਦੀ ਦਰਜ ਕੀਤੀ ਗਈ।

Rakesh

This news is Content Editor Rakesh