ਦਿੱਲੀ ਹਿੰਸਾ : ਤ੍ਰਿਣਮੂਲ ਸੰਸਦ ਮੈਂਬਰਾਂ ਨੇ ਅੱਖਾਂ ''ਤੇ ਪੱਟੀ ਬੰਨ੍ਹ ਦਿੱਤਾ ਧਰਨਾ

03/02/2020 12:14:58 PM

ਨਵੀਂ ਦਿੱਲੀ— ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਦਿੱਲੀ ਹਿੰਸਾ ਨੂੰ ਲੈ ਕੇ ਧਰਨਾ ਦਿੱਤਾ। ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਤ੍ਰਿਣਮੂਲ ਮੈਂਬਰ ਨੇ ਹੱਥਾਂ 'ਚ ਪੋਸਟਰ ਲੈ ਕੇ ਨਾਅਰੇ ਲਗਾਏ। ਪਾਰਟੀ ਸੰਸਦ ਮੈਂਬਰ ਨੇ ਅੱਖਾਂ 'ਤੇ ਪੱਟੀ ਵੀ ਬੰਨ੍ਹੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਹਿੰਸਾ ਦੇ ਮੁੱਦੇ ਨੂੰ ਸੰਸਦ 'ਚ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਜਾਵੇਗਾ।

ਉਹ ਸਰਕਾਰ ਤੋਂ ਇਸ 'ਤੇ ਜਵਾਬ ਦੇਣ ਦੀ ਮੰਗ ਕਰ ਰਹੇ ਸਨ। ਉੱਤਰ-ਪੂਰਬੀ ਦਿੱਲੀ 'ਚ ਫਿਰਕੂ ਹਿੰਸਾ 'ਚ ਹੁਣ ਤੱਕ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 200 ਤੋਂ ਵਧ ਲੋਕ ਜ਼ਖਮੀ ਹੋ ਗਏ। ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ 'ਚ ਦਿੱਲੀ ਦੰਗਿਆਂ 'ਤੇ ਚਰਚਾ ਕਰਨ ਲਈ ਵੀ ਨੋਟਿਸ ਦਿੱਤਾ ਹੈ। ਨੋਟਿਸ ਦੇਣ ਵਾਲਿਆਂ 'ਚ ਐੱਨ. ਕੇ. ਪ੍ਰੇਮਚੰਦਰਨ (ਆਰ.ਐੱਸ.ਪੀ.), ਪੀ. ਕੇ. ਕੁਨਹਾਲੀਕੁੱਟੀ (ਮੁਸਲਿਮ ਲੀਗ), ਇਲਾਮਰਮ ਕਰੀਮ (ਮਾਕਪਾ) ਅਤੇ ਬਿਨਯ ਵਿਸ਼ਵਾਮ (ਭਾਕਪਾ) ਆਦਿ ਹਨ।

DIsha

This news is Content Editor DIsha