ਦਿੱਲੀ ਹਿੰਸਾ : ਕਈ ਸਕੂਲ ਬੰਦ, ਸਰਕਾਰ ਨੇ ਪ੍ਰੀਖਿਆਵਾਂ ਕੀਤੀਆਂ ਮੁਲਤਵੀ

02/25/2020 1:09:18 PM

ਨਵੀਂ ਦਿੱਲੀ— ਦਿੱਲੀ 'ਚ ਇਸ ਸਮੇਂ ਹਾਲਾਤ ਖਰਾਬ ਹਨ। ਦਰਅਸਲ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਹਿੰਸਾ ਹੋਈ। ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ ਹਨ ਅਤੇ ਪੱਥਰਬਾਜ਼ੀ ਜ਼ਰੀਏ ਵਿਰੋਧ ਜ਼ਾਹਰ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦਿਆਂ ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਇਲਾਕਿਆਂ 'ਚ ਸਥਿਤ ਸਕੂਲਾਂ 'ਚ ਬੋਰਡ ਪ੍ਰੀਖਿਆ ਟਾਲ ਦਿੱਤੀ ਗਈ ਹੈ, ਜਿੱਥੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਜਿੰਨੇ ਵੀ ਸਕੂਲ ਹਨ ਉੱਥੇ ਬੋਰਡ ਦੇ ਨਾਲ-ਨਾਲ ਹੋਰ ਜਮਾਤਾਂ ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਡਿਪਟੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ, ਪ੍ਰੀਖਿਆਵਾਂ ਮੁਲਤਵੀ ਰਹਿਣਗੀਆਂ। ਦਿੱਲੀ ਵਿਚ ਸੋਮਵਾਰ ਨੂੰ ਉੱਤਰ-ਪੂਰਬੀ ਜ਼ਿਲਿਆਂ ਵਿਚ ਭੜਕੀ ਹਿੰਸਾ ਨੂੰ ਵੇਖਦੇ ਹੋਏ ਮੰਗਲਵਾਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਅਤੇ ਇਨ੍ਹਾਂ ਵਿਚ ਆਯੋਜਿਤ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਰਹਿਣਗੀਆਂ। ਇਸੇ ਦਰਮਿਆਨ ਦਿੱਲੀ ਸਰਕਾਰ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਵਰਣਨਯੋਗ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਇੱਥੇ ਦੱਸ ਦੇਈਏ ਕਿ ਹਿੰਸਾ ਕਾਰਨ ਦਿੱਲੀ 'ਚ ਪੁਲਸ ਦੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਹੈ ਅਤੇ ਕਈ ਪੁਲਸ ਕਰਮਚਾਰੀ ਜ਼ਖਮੀ ਵੀ ਹੋਏ ਹਨ। ਇਸ ਨੂੰ ਦੇਖਦਿਆਂ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਉੱਤਰੀ-ਪੂਰਬੀ ਦਿੱਲੀ ਦੇ ਇਲਾਕਿਆਂ 'ਚ ਸਥਿਤ ਸਕੂਲਾਂ 'ਚ ਸਾਰੀਆਂ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।

Tanu

This news is Content Editor Tanu