12ਵੀਂ ''ਚ ''ਅੱਵਲ'' ਆਉਣ ਵਾਲੇ ਵਿਦਿਆਰਥੀਆਂ ਨਾਲ CM ਕੇਜਰੀਵਾਲ ਨੇ ਕੀਤੀ ਮੁਲਾਕਾਤ

07/23/2020 2:44:31 PM

ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ 'ਚ ਹਾਲ ਹੀ 'ਚ ਹੋਏ ਦੰਗਿਆਂ ਤੋਂ ਪ੍ਰਭਾਵਿਤ ਸਰਵਰ ਖਾਨ, ਆਪਣੇ ਪਰਿਵਾਰ 'ਚ 12ਵੀਂ ਕਰਨ ਵਾਲੀ ਪਹਿਲੀ ਕੁੜੀ ਮਹਜਬੀ ਅਤੇ ਸ਼ਹਿਰ 'ਚ ਆਪਣੇ ਰਹਿਣ ਦਾ ਖਰਚ ਕੱਢਣ ਲਈ ਟਿਊਸ਼ਨ ਪੜ੍ਹਾਉਣ ਵਾਲੇ ਰਾਘਵ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ 19 ਵਿਦਿਆਰਥੀਆਂ 'ਚੋਂ ਹਨ, ਜਿਨ੍ਹਾਂ ਨੇ ਸੀ.ਬੀ.ਐੱਸ.ਈ. ਦੀ 12ਵੀਂ ਦੀ ਪ੍ਰੀਖਿਆ 'ਚ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪ੍ਰੀਖਿਆ 'ਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਘਰ ਬੁੱਧਵਾਰ ਨੂੰ ਮੁਲਾਕਾਤ ਕੀਤੀ। ਉਹ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਮਿਲੇ। 

ਰਾਘਵ ਨੇ ਆਪਣਾ ਖਰਚ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਕੱਢਿਆ 
ਬਿਹਾਰ ਦੇ ਰਹਿਣ ਵਾਲੇ ਰਾਘਵ ਕੁਮਾਰ ਦੇ ਬੋਰਡ ਪ੍ਰੀਖਿਆ 'ਚ 93.4 ਫੀਸਦੀ ਅੰਕ ਆਏ ਹਨ। ਉਹ ਸ਼ਹਿਰ 'ਚ ਆਪਣਾ ਖਰਚ ਕੱਢਣ ਲਈ ਗੁਆਂਢ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਹਨ। ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਦਾ ਘਰ ਉਦੋਂ ਹੀ ਛੱਡ ਦਿੱਤਾ ਸੀ, ਜਦੋਂ ਮੈਂ 11ਵੀਂ 'ਚਸੀ ਅਤੇ ਮੈਂ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਅਧਿਆਪਕਾਂ ਨੇ ਵੀ ਮੇਰੀ ਕਾਫ਼ੀ ਆਰਥਿਕ ਮਦਦ ਕੀਤੀ।

12ਵੀਂ ਵੱਧ ਅੰਕ ਲੈਣ ਵਾਲੀ ਚਾਰੂ 11ਵੀਂ 'ਚ ਹੋ ਗਈ ਸੀ ਫੇਲ
ਉੱਥੇ ਹੀ 12ਵੀਂ 'ਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੀ ਚਾਰੂ ਯਾਦਵ ਦਾ ਕਹਿਣਾ ਹੈ ਕਿ ਉਹ 11ਵੀਂ ਜਮਾਤ 'ਚ ਫੇਲ ਹੋ ਗਈ ਸੀ। ਉਸ ਨੇ ਕਿਹਾ ਕਿ ਮੈਂ 11ਵੀਂ 'ਚ ਪਹਿਲਾਂ ਸਾਇੰਸ ਸਟ੍ਰੀਮ ਲਈ ਸੀ ਪਰ ਉਸ ਦੀ ਪੜ੍ਹਾਈ ਸਹੀ ਤਰ੍ਹਾਂ ਨਹੀਂ ਹੋ ਸਕੀ ਅਤੇ ਫੇਲ ਹੋ ਗਈ। ਪ੍ਰਿੰਸੀਪਲ ਦੇ ਸੁਝਾਅ ਨਾਲ ਮੈਂ ਹਿਊਮੈਨਿਟੀਜ਼ ਲਈ ਅਤੇ ਹੁਣ 12ਵੀਂ 'ਚ ਸਭ ਤੋਂ ਵੱਧ 96 ਫੀਸਦੀ ਅੰਕ ਹਾਸਲ ਕੀਤੇ ਹਨ।

ਦਿੱਲੀ ਦੰਗਿਆਂ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਚੰਗੇ ਅੰਕ ਕੀਤੇ ਹਾਸਲ
ਪ੍ਰੀਖਿਆ 'ਚ 73.40 ਫੀਸਦੀ ਅੰਕ ਹਾਸਲ ਕਰਨ ਵਾਲੇ ਸਰਵਰ ਖਾਨ ਨੇ ਕਿਹਾ ਹੈ ਕਿ ਮੈਂ ਉੱਤਰ-ਪੂਰਬੀ ਦਿੱਲੀ ਦੇ ਦੰਗਿਆਂ ਤੋਂ ਪ੍ਰਭਾਵਿਤ ਹੋਇਆ। ਮੈਂ ਪ੍ਰੀਖਿਆ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ, ਇਸ ਲਈ ਮੇਰੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਈ। ਮੈਂ ਰਾਤਾਂ ਨੂੰ ਜਾਗ ਕੇ ਪੜ੍ਹਾਈ ਕੀਤੀ। 

ਸ਼ਮੀਨਾ ਖਾਤੂਨ ਤੇ ਮਜਹਬੀ ਦੇ ਪਰਿਵਾਰ 'ਚ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ
ਸ਼ਮੀਨਾ ਉੱਥੇ ਹੀ 95.6 ਫੀਸਦੀ ਅੰਕ ਹਾਸਲ ਕਰਨ ਵਾਲੀ ਸ਼ਮੀਨਾ ਖਾਤੂਨ ਨੇ ਕਿਹਾ ਕਿ ਮੇਰੇ ਪਰਿਵਾਰ 'ਚ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਸਾਨੂੰ ਉਰਦੂ ਸਿਖਾਈ ਜਾਂਦੀ ਹੈ ਪਰ ਸਕੂਲ ਜਾਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਉਨ੍ਹਾਂ ਨੇ ਕਿਹਾ ਕਿ ਮੇਰੇ ਤਿੰਨ ਭਰਾ ਅਤੇ ਇਕ ਭੈਣ ਹੈ। ਮੇਰੇ ਪਰਿਵਾਰ 'ਚ ਕੋਈ ਕੁੜੀ ਨੂੰ ਪੜ੍ਹਾਉਣ 'ਚ ਵਿਸ਼ਵਾਸ ਨਹੀਂ ਰੱਖਦਾ ਪਰ ਮੇਰੇ ਪਿਤਾ ਨੇ ਮੈਨੂੰ ਉਤਸ਼ਾਹ ਕੀਤਾ। ਮੈਂ ਮਨ ਲਗਾ ਕੇ ਪੜ੍ਹਾਈ ਕੀਤੀ ਅਤੇ ਚੰਗੇ ਅੰਕ ਹਾਸਲ ਕੀਤੇ। ਮਹਜਬੀ ਆਪਣੇ ਪਰਿਵਾਰ 'ਚ 12ਵੀਂ ਕਰਨ ਵਾਲੀ ਪਹਿਲੀ ਕੁੜੀ ਹੈ। ਉਸ ਦੇ 94 ਫੀਸਦੀ ਅੰਕ ਆਏ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰਿਆਂ ਨੇ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਪਰ ਹਿੰਮਤ ਨਹੀਂ ਹਾਰੀ। ਕੇਜਰੀਵਾਲ ਨੇ ਕਿਹਾ ਕਿ ਟੈਕਸ ਦੇਣ ਵਾਲਿਆਂ ਦੇ ਪੈਸੇ ਦੀ ਵਰਤੋਂ ਸਰਕਾਰੀ ਸਕੂਲਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ, ਸਾਰਿਆਂ ਲਈ ਮੁਫ਼ਤ ਅਤੇ ਸੌਖੀ ਸਿੱਖਿਆ ਬਣਾਉਣ ਲਈ ਕੀਤਾ ਜਾ ਰਿਹਾ ਹੈ।


DIsha

Content Editor

Related News