ਦਿੱਲੀ ਗੁ. ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਮਨਜੀਤ ਸਿੰਘ ਜੀ.ਕੇ. ’ਤੇ ਕੱਸਿਆ ਗਿਆ ਹੋਰ ਸ਼ਿਕੰਜਾ

07/18/2019 10:38:18 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਿਰੁੱਧ ਸ਼ਿਕੰਜਾ ਹੋਰ ਕੱਸਿਆ ਗਿਆ ਹੈ। ਉਨ੍ਹਾਂ ਦੇ ਦਫਤਰ ਵਿਚ ਹੋਏ ਕਥਿਤ ਘਪਲਿਆਂ ਦੀ ਜਾਂਚ ਹੁਣ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਕਰੇਗੀ । ਹੁਣ ਤੱਕ ਇਹ ਜਾਂਚ ਨਾਰਥ ਐਵੇਨਿਊ ਥਾਣੇ ਦੀ ਪੁਲਸ ਵਲੋਂ ਕੀਤੀ ਜਾ ਰਹੀ ਸੀ, ਜਿਸ ਕਾਰਣ ਕਈ ਸਵਾਲ ਉਠ ਰਹੇ ਸਨ।

ਅਦਾਲਤ ਦੇ ਹੁਕਮ ਪਿੱਛੋਂ ਦਿੱਲੀ ਪੁਲਸ ਨੇ ਘਪਲੇ ਦੀ ਮੁੜ ਤੋਂ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਦਿੱਲੀ ਪੁਲਸ ਨੇ ਅਦਾਲਤ ਵਿਚ ਘਪਲੇ ਨਾਲ ਸਬੰਧਤ ਸਟੇਟਸ ਰਿਪੋਰਟ ਪੇਸ਼ ਕੀਤੀ ਹੈ। ਨਾਲ ਹੀ ਕੁਝ ਨਵੀਆਂ ਧਾਰਾਵਾਂ ਜੋ 409, 420, 468, 471 ਅਤੇ 34 ਆਈ. ਪੀ. ਸੀ. ਨੂੰ ਵੀ ਜੋੜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀਰਵਾਰ ਇਥੇ ਪੱਤਰਕਾਰਾਂ ਨੂੰ ਦਿੱਤੀ। ਇਸ ਮਾਮਲੇ ਵਿਚ ਮਨਜੀਤ ਸਿੰਘ ਜੀ. ਕੇ. , ਸਾਬਕਾ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਦੋ ਹੋਰਨਾਂ ’ਤੇ ਦੋਸ਼ ਹਨ। ਸ਼ੰਟੀ ਨੇ ਦੋਸ਼ ਲਾਇਆ ਕਿ ਜੀ. ਕੇ. ਨੇ ਉਕਤ ਵਿਅਕਤੀਆਂ ਨਾਲ ਮਿਲ ਕੇ ਵਰਦੀ ਘਪਲਾ, ਧਾਰਮਿਕ ਪੁਸਤਕ ਘਪਲਾ ਅਤੇ 51 ਲੱਖ ਰੁਪਏ ਦੇ ਦਾਨ ਦਾ ਘਪਲਾ ਕੀਤਾ ਹੈ।

ਜੀ. ਕੇ. ਨੇ ਜਾਂਚ ਦੇ ਕ੍ਰਾਈਮ ਬ੍ਰਾਂਚ ਕੋਲ ਜਾਣ ਦਾ ਕੀਤਾ ਸਵਾਗਤ
ਮਨਜੀਤ ਸਿੰਘ ਜੀ. ਕੇ. ਨੇ ਆਪਣੇ ਵਿਰੁੱਧ ਪਟਿਆਲਾ ਹਾਊਸ ਕੋਰਟ ਵਿਚ ਚੱਲ ਰਹੇ ਮਾਮਲੇ ਦੀ ਜਾਂਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਕੋਲ ਜਾਣ ਦਾ ਸਵਾਗਤ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜਾਂਚ ਪਾਰਦਰਸ਼ੀ ਅਤੇ ਸ਼ਿਕਾਇਤਕਰਤਾ ਦੀ ਸੰਤੁਸ਼ਟੀ ਵਾਲੀ ਹੋਵੇ, ਇਹ ਮੇਰਾ ਸ਼ੁਰੂ ਤੋਂ ਮੰਨਣਾ ਰਿਹਾ ਹੈ। ਇਸ ਨਾਲ ਜਿੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ, ਉਥੇ ਸੱਚਾਈ ਅਤੇ ਝੂਠ ਦੇ ਬੇਮੇਲ ਗੱਠਜੋੜ ਦਾ ਵੀ ਪਰਦਾਫਾਸ਼ ਹੋਵੇਗਾ।

Inder Prajapati

This news is Content Editor Inder Prajapati