CAA ਵਿਰੁੱਧ ਪ੍ਰਦਰਸ਼ਨ : ਜਾਮੀਆ ਹਿੰਸਾ ''ਚ ਸ਼ਾਮਲ 70 ਲੋਕਾਂ ਦੀ ਪੁਲਸ ਨੇ ਕੀਤੀ ਪਛਾਣ

01/29/2020 5:58:38 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਦਿੱਲੀ ਪੁਲਸ ਨੇ 15 ਦਸੰਬਰ 2019 ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇੜੇ ਹੋਈ ਹਿੰਸਾ 'ਚ ਸ਼ਾਮਲ 70 ਲੋਕਾਂ ਦੀ ਪਛਾਣ ਕੀਤੀ ਹੈ। ਪੁਲਸ ਨੇ 70 ਲੋਕਾਂ ਦੇ ਸਕੈਚ ਜਾਰੀ ਕੀਤੇ ਹਨ। ਪੁਲਸ ਨੇ ਇਨ੍ਹਾਂ 70 ਲੋਕਾਂ 'ਤੇ ਇਨਾਮ ਦਾ ਐਲਾਨ ਕੀਤਾ ਹੈ। ਪੁਲਸ ਨੇ ਇਸ ਤੋਂ ਪਹਿਲਾਂ ਕੁਝ ਗ੍ਰਿਫਤਾਰੀਆਂ ਕੀਤੀਆਂ ਸਨ ਅਤੇ ਹੁਣ ਭੰਨ-ਤੋੜ, ਅਗਜਨੀ ਅਤੇ ਪਥਰਾਅ ਕਰਨ 'ਚ ਸ਼ਾਮਲ ਲੋਕਾਂ ਦੇ ਸਕੈਚ ਜਾਰੀ ਕੀਤੇ ਗਏ ਹਨ। ਪੁਲਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਸਾਰਿਆਂ 'ਤੇ 15 ਦਸੰਬਰ 2019 ਨੂੰ ਦੰਗਾ ਅਤੇ ਹਿੰਸਾ ਭੜਕਾਉਣ 'ਚ ਸਰਗਰਮ ਭੂਮਿਕਾ ਰਹੀ ਹੈ। ਜੋ ਇਨ੍ਹਾਂ ਲੋਕਾਂ ਬਾਰੇ ਸੂਚਨਾ ਦੇਵੇਗਾ, ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੀ. ਏ. ਏ. ਦੇ ਅਕਸ 'ਚ ਆਉਣ ਤੋਂ ਬਾਅਦ 15 ਦਸੰਬਰ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਨੇੜੇ ਲੋਕ ਸੜਕਾਂ 'ਤੇ ਉਤਰ ਆਏ ਸਨ। ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਿੰਸਕ ਪ੍ਰਦਰਸ਼ਨ ਕੀਤਾ। ਗੁੱਸੇ 'ਚ ਆਈ ਭੀੜ ਨੇ ਪਹਿਲਾਂ ਪੁਲਸ ਮੁਲਾਜ਼ਮਾਂ 'ਤੇ ਪਥਰਾਅ ਕੀਤਾ ਅਤੇ ਉਨ੍ਹਾਂ ਨੇ ਫਿਰ ਸਾਊਥ ਦਿੱਲੀ ਦੀ ਨਿਊ ਫਰੈਂਡਸ ਕਾਲੋਨੀ 'ਚ ਡੀ. ਟੀ. ਸੀ. ਦੀਆਂ 4 ਬੱਸਾਂ 'ਚ ਅੱਗ ਲਾ ਦਿੱਤੀ। ਇਸ ਤੋਂ ਇਲਾਵਾ 100 ਪ੍ਰਾਈਵੇਟ ਵਾਹਨਾਂ ਅਤੇ 10 ਬਾਈਕ 'ਚ ਵੀ ਭੰਨ-ਤੋੜ ਕੀਤੀ ਗਈ। ਪੁਲਸ ਨੇ ਇਸ ਮਾਮਲੇ ਦੇ ਸੰਬੰਧ 'ਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ।

ਇਸ ਦੌਰਾਨ ਪੁਲਸ ਨੇ ਲਾਊਡਸਪੀਕਰਾਂ ਜ਼ਰੀਏ ਅਪੀਲ ਕਰਦੀ ਰਹੀ ਕਿ ਪ੍ਰਦਰਸ਼ਨਕਾਰੀ ਪੱਥਰ ਨਾ ਮਾਰਨ ਪਰ ਉਨ੍ਹਾਂ ਨੇ ਇਕ ਨਾ ਸੁਣੀ ਅਤੇ ਵਾਹਨਾਂ 'ਚ ਜਮ ਕੇ ਭੰਨ-ਤੋੜ ਕੀਤੀ। ਬਾਅਦ ਵਿਚ ਪੁਲਸ ਜਾਮੀਆ ਯੂਨੀਵਰਸਿਟੀ ਕੰਪਲੈਕਸ 'ਚ ਦਾਖਲ ਹੋਈ ਸੀ, ਜਿਨ੍ਹਾਂ 'ਤੇ ਵਿਦਿਆਰਥੀਆਂ ਨੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।  ਯੂਨੀਵਰਸਿਟੀ ਪ੍ਰਸ਼ਾਸਨ ਨੇ ਪੁਲਸ 'ਤੇ ਬਿਨਾਂ ਇਜਾਜ਼ਤ ਕੰਪਲੈਕਸ ਅੰਦਰ ਦਾਖਲ ਹੋਣ ਅਤੇ ਵਿਦਿਆਰਥੀਆਂ 'ਤੇ ਕਾਰਵਾਈ ਦੇ ਦੋਸ਼ ਲਾਏ ਸਨ। ਯੂਨੀਵਰਸਿਟੀ ਨੇ ਇਸ ਮਾਮਲੇ ਵਿਚ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਨੇ ਪੁਲਸ ਨੂੰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ।

Tanu

This news is Content Editor Tanu