ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ

02/24/2018 4:01:19 PM

ਨਵੀਂ ਦਿੱਲੀ— ਮੁੱਖ ਸਕੱਤਰ ਨਾਲ ਕੁੱਟ-ਮਾਰ ਕੇਸ 'ਚ ਵੀਰਵਾਰ ਨੂੰ ਦਿੱਲੀ ਪੁਲਸ ਨੇ ਸੀ.ਐੱਮ. ਹਾਊਸ ਵਿਚ ਜਾਂਚ ਕੀਤੀ  ਅਤੇ ਕੇਜਰੀਵਾਲ ਦੇ ਘਰ ਵਿਚ ਲੱਗੇ 21 ਕੈਮਰਿਆਂ ਦੇ ਵੀਡੀਓ ਪੁਲਸ ਆਪਣੇ ਨਾਲ ਲੈ ਗਈ। ਪੁਲਸ ਨੇ ਸੀ. ਐੱਮ. ਹਾਊਸ ਵਿਚ ਜਾਂਚ ਤੋਂ ਬਾਅਦ ਕਿਹਾ ਕਿ ਕੈਮਰਿਆਂ ਦੀ ਰਿਕਾਰਡਿੰਗ ਲਗਭਗ 43 ਮਿੰਟ ਪਿੱਛੇ ਸੀ, ਜਿਸ ਨੂੰ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਗੀ  ਗੱਲ ਹੈ ਕਿ ਜਾਂਚ ਹੋ ਰਹੀ ਹੈ ਪਰ ਇਸੇ ਤਰ੍ਹਾਂ ਜਸਟਿਸ ਲੋਇਆ ਸਮੇਤ ਬਾਕੀ ਸਾਰੇ ਮਾਮਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਨਾਲ ਕੁੱਟ-ਮਾਰ ਦੇ ਸਬੂਤ ਇਕੱਠੇ ਕਰਨ ਲਈ ਪੁਲਸ ਸੀ.ਐੱਮ. ਦੇ ਘਰ ਪੁੱਜੀ। ਕੇਜਰੀਵਾਲ ਦੇ ਘਰ ਵਿਚ ਹੀ ਮੁੱਖ ਸਕੱਤਰ ਨਾਲ ਕੁੱਟ-ਮਾਰ ਹੋਈ ਸੀ।
ਪੁਲਸ ਦਾ ਮਕਸਦ ਸੀ.ਐੱਮ. ਹਾਊਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰਨਾ ਅਤੇ ਉਸ ਕਮਰੇ ਦਾ ਨਿਰੀਖਣ ਕਰਨਾ ਸੀ ਜਿਥੇ ਇਹ ਘਟਨਾ ਵਾਪਰੀ ਸੀ।  ਨਾਰਥ ਡਿਸਟ੍ਰਿਕਟ ਦੇ ਐਡੀਸ਼ਨਲ ਡੀ. ਸੀ. ਪੀ. ਹਰਿੰਦਰ ਕੁਮਾਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਸੀ. ਐੱਮ. ਹਾਊਸ ਪੁੱਜੀ ਸੀ। 
ਪੁਲਸ ਟੀਮ ਨਾਲ  ਫਾਰੈਂਸਿਕ ਮਾਹਿਰਾਂ ਦੀ ਟੀਮ ਵੀ ਮੌਜੂਦ ਸੀ। ਜਾਂਚ ਟੀਮ ਦੇ ਸੀ.ਐੱਮ. ਹਾਊਸ ਪੁੱਜਣ 'ਤੇ ਜਿਥੇ ਕੇਜਰੀਵਾਲ  ਭੜਕ ਗਏ ਉਥੇ ਹੀ ਵਰਕਰਾਂ ਨੇ ਉੱਪ ਰਾਜਪਾਲ ਦੇ ਮੁਲਾਕਾਤ ਕਰਨ ਤੋਂ ਬਾਅਦ ਦਿੱਲੀ ਪੁਲਸ ਅਤੇ ਕੇਂਦਰ ਸਰਕਾਰ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਚਿਤਾਵਨੀ ਦਿੱਤੀ।
ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਮੀਡੀਆ ਵੀ ਉਨ੍ਹਾਂ ਦੀ ਜਨ ਭਲਾਈ ਦੇ ਕੰਮਾਂ ਨੂੰ ਨਹੀਂ ਦਿਖਾ ਰਿਹਾ।
'ਆਪ' ਵਿਧਾਇਕ ਬੋਲੇ -ਅਜਿਹੇ ਅਧਿਕਾਰੀਆਂ ਨਾਲ ਇਹੀ ਸਲੂਕ ਹੋਵੇ
'ਆਪ' ਵਿਧਾਇਕ ਨਰੇਸ਼ ਬਾਲਿਆਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਤਮ ਨਗਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਬਾਲਿਆਨ ਨੇ ਕਿਹਾ ਕਿ ਜੋ ਮੁੱਖ ਸਕੱਤਰ ਨਾਲ ਹੋਇਆ ਉਹ ਅਸਲ ਵਿਚ ਹੋਇਆ ਹੀ ਨਹੀਂ। ਇਸ ਲਈ ਮੈਂ ਤਾਂ ਕਹਿ ਰਿਹਾ ਹਾਂ ਕਿ ਅਜਿਹੇ ਅਧਿਕਾਰੀ ਜਿਹੜੇ ਆਮ ਆਦਮੀ ਪਾਰਟੀ ਦੇ ਕੰਮ ਰੋਕ ਕੇ ਬੈਠੇ ਹਨ, ਉਨ੍ਹਾਂ ਨਾਲ ਇਹੀ ਸਲੂਕ ਹੋਣਾ ਚਾਹੀਦਾ ਹੈ।
ਇਸ ਕਮਰੇ ਵਿਚ ਕੇਜਰੀਵਾਲ ਕਰਦੇ ਹਨ 'ਸੀਕ੍ਰੇਟ ਡੀਲਿੰਗ' : ਕਪਿਲ
ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ 'ਤੇ ਨਵੇਂ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਕਮਰੇ ਵਿਚ ਇਹ ਘਟਨਾ ਵਾਪਰੀ ਉਸ ਵਿਚ ਮੁੱਖ ਮੰਤਰੀ 'ਸੀਕ੍ਰੇਟ ਡੀਲਿੰਗ ਕਰਦੇ ਹਨ। ਕਰਾਵਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਕਪਿਲ ਨੇ ਕਿਹਾ ਕਿ ਜਿਸ ਕਮਰੇ ਵਿਚ ਮੁੱਖ ਸਕੱਤਰ ਨੂੰ ਮਾਰਿਆ ਗਿਆ ਉਸ ਨੂੰ 'ਕੇਜਰੀਵਾਲ ਦੀ ਗੁਫਾ' ਕਹਿ ਸਕਦੇ ਹਾਂ। ਉਥੇ ਕੋਈ ਸੀ. ਸੀ. ਟੀ. ਵੀ. ਨਹੀਂ, ਕੇਜਰੀਵਾਲ ਆਪਣੀ ਜ਼ਿਆਦਾਤਰ 'ਸੀਕ੍ਰੇਟ ਡੀਲਿੰਗ' ਇਸੇ ਕਮਰੇ ਵਿਚ ਕਰਦੇ ਹਨ।  ਬਹੁਤ ਘੱਟ ਲੋਕਾਂ ਨੂੰ ਇਸ ਕਮਰੇ ਵਿਚ ਜਾਣ ਦੀ ਇਜ਼ਾਜਤ ਹੈ।