ਝੁੱਗੀਆਂ-ਬਸਤੀਆਂ ''ਚ ਰਹਿੰਦੇ ਲੋਕਾਂ ਦੀ ਦਿੱਲੀ ਪੁਲਸ ਨੇ ਲਈ ਸਾਰ, ਵੰਡੇ ਖਾਣੇ ਦੇ ਪੈਕੇਟ

03/26/2020 6:12:14 PM

ਨਵੀਂ ਦਿੱਲੀ— ਦੁਨੀਆ ਭਰ 'ਚ ਤਬਾਹੀ ਮਚਾ ਦੇਣ ਵਾਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਵੀਰਵਾਰ ਭਾਵ ਅੱਜ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 650 ਦੇ ਪਾਰ ਕਰ ਚੁੱਕੀ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ 21 ਦਿਨਾਂ ਦਾ ਲਾਕ ਡਾਊਨ ਲਾ ਦਿੱਤਾ ਹੈ। ਅੱਜ ਲਾਕ ਡਾਊਨ ਦਾ ਦੂਜਾ ਦਿਨ ਹੈ। ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਚੱਲ ਰਹੇ 21 ਦਿਨਾਂ ਦੇ ਲਾਕ ਡਾਊਨ ਦਰਮਿਆਨ ਦਿੱਲੀ ਪੁਲਸ ਨੇ ਵੀਰਵਾਰ ਨੂੰ ਪੱਛਮੀ ਦਿੱਲੀ ਦੀਆਂ ਝੁੱਗੀਆਂ-ਬਸਤੀਆਂ 'ਚ ਖਾਣੇ ਦੇ ਪੈਕੇਟ ਵੰਡੇ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਕਿ ਇਨ੍ਹੀਂ ਦਿਨੀਂ ਕੀ ਸਾਵਧਾਨੀਆਂ ਵਰਤਣੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਕ ਗੈਰ-ਸਰਕਾਰੀ ਸੰਗਠਨ ਦੇ ਜ਼ਰੀਏ ਰਘੁਵੀਰ ਨਗਰ ਅਤੇ ਗੋਂਡੇਵਾਲਾ ਮੰਦਰ ਇਲਾਕੇ ਵਿਚ ਝੁੱਗੀਆਂ-ਬਸਤੀਆਂ 'ਚ ਖਾਣੇ ਦੇ ਕਰੀਬ 1 ਹਜ਼ਾਰ ਪੈਕੇਟ ਵੰਡੇ ਗਏ। ਇਕ ਪੁਲਸ ਅਧਿਕਾਰੀ ਮੁਤਾਬਕ 'ਇਕ ਨੂਰ' ਨਾਮੀ ਗੈਰ ਸਰਕਾਰੀ ਸੰਗਠਨ ਅਤੇ ਅਮਨ ਕਮੇਟੀ ਦੀ ਮਦਦ ਨਾਲ ਪੱਛਮੀ ਦਿੱਲੀ ਦੇ ਪੁਲਸ ਅਧਿਕਾਰੀਆਂ ਨੇ ਖਾਣੇ ਦੇ ਪੈਕੇਟ ਵੰਡਣ ਅਤੇ ਸਾਫ-ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਝੁੱਗੀਆਂ-ਬਸਤੀਆਂ ਵਿਚ ਰਹਿਣ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਕੀ ਸਾਵਧਾਨੀਆਂ ਵਰਤਣੀਆਂ ਹਨ।

Tanu

This news is Content Editor Tanu