ਦਿੱਲੀ ਪੁਲਸ ਦੇ ਇਕ ਹੋਰ ASI ਦੀ ਕੋਰੋਨਾ ਨਾਲ ਮੌਤ, ਹੁਣ ਤੱਕ 8 ਮੁਲਾਜ਼ਮਾਂ ਦੀ ਗਈ ਜਾਨ

06/13/2020 1:33:45 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦਰਮਿਆਨ ਇਸ ਨਾਲ ਇਕ ਹੋਰ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਹੈ, ਜੋ ਦਿੱਲੀ ਪੁਲਸ 'ਚ ਕੋਰੋਨਾ ਵਾਇਰਸ ਕਾਰਨ 8ਵੀਂ ਮੌਤ ਹੈ। ਪੁਲਸ ਅਨੁਸਾਰ ਸਹਾਇਕ ਪੁਲਸ ਸਬ ਇੰਸਪੈਕਟਰ (ਏ.ਐੱਸ.ਆਈ.) ਸੰਜਵ ਕੁਮਾਰ (53) ਅਪਰਾਧ ਬਰਾਂਚ ਦੀ ਰੋਹਿਣੀ ਸਥਿਤ ਐੱਸ.ਆਈ.ਐੱਸ.-2 ਯੂਨਿਟ 'ਚ ਤਾਇਨਾਤ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਤੇਜ਼ ਬੁਖਾਰ ਅਤੇ ਖੰਘ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ। ਕਈ ਦਿਨਾਂ ਤੱਕ ਉਹ ਵੈਂਟੀਲੇਟਰ 'ਤੇ ਸਨ। ਸ਼ੁੱਕਰਵਾਰ ਸ਼ਾਮ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਿੱਲੀ ਪੁਲਸ ਵਲੋਂ ਸ਼ਨੀਵਾਰ ਨੂੰ ਸੰਜੀਵ ਕੁਮਾਰ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਸ ਦਸਤੇ ਦਾ ਇਕ ਬਹਾਦਰ ਯੋਧਾ ਕੋਵਿਡ-19 ਮਹਾਮਾਰੀ ਵਿਰੁੱਧ ਜੰਗ 'ਚ ਸ਼ਹੀਦ ਹੋ ਗਿਆ ਹੈ। ਇਸ ਕਠਿਨ ਸਮੇਂ 'ਚ ਏ.ਐੱਸ.ਆਈ. ਸੰਜੀਵ ਦੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ।

ਦਿੱਲੀ ਪੁਲਸ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਭਰਤ ਨਗਰ ਥਾਣੇ 'ਚ ਤਾਇਨਾਤ ਕਾਂਸਟੇਬਲ ਅਮਿਤ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਕਾਂਸਟੇਬਲ ਰਾਹੁਲ, ਏ.ਐੱਸ.ਆਈ. ਰਾਮਲਾਲ, ਏ.ਐੱਸ.ਆਈ. ਵਿਕਰਮ, ਏ.ਐੱਸ.ਆਈ. ਸ਼ੇਸ਼ਮਣੀ ਪਾਂਡੇ ਅਤੇ ਏ.ਐੱਸ.ਆਈ. ਕਰਮਵੀਰ ਕੋਰੋਨਾ ਤੋਂ ਜੰਗ ਹਾਰ ਗਏ। ਸ਼ਾਹਦਰਾ ਜ਼ਿਲ੍ਹੇ 'ਚ ਤਾਇਨਾਤ ਹੈੱਡ ਕਾਂਸਟੇਬਲ ਅਜੇ ਦੀ ਕੋਰੋਨਾ ਨਾਲ 8 ਜੂਨ ਨੂੰ ਮੌਤ ਹੋਈ ਸੀ। ਉਨ੍ਹਾਂ ਦੀ ਟੈਸਟ ਰਿਪੋਰਟ 10 ਜੂਨ ਨੂੰ ਆਈ ਸੀ। ਹੁਣ ਤੱਕ 500 ਤੋਂ ਵਧ ਦਿੱਲੀ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ ਹੋ ਚੁਕੇ ਹਨ, ਜਿਨ੍ਹਾਂ 'ਚੋਂ ਕਰੀਬ 200 ਸਿਹਤਮੰਦ ਹੋ ਚੁਕੇ ਹਨ। ਰਾਜਧਾਨੀ 'ਚ ਕੋਰੋਨਾ ਇਨਫੈਕਸ਼ਨ ਦੇ ਪਿਛਲੇ 24 ਘੰਟਿਆਂ 'ਚ ਹੁਣ ਤੱਕ ਦੇ ਸਭ ਤੋਂ ਵਧ 2137 ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 36824 ਹੋ ਗਈ ਹੈ ਅਤੇ ਇਸ ਦੌਰਾਨ 1214 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਵਧ ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 8844 ਹੋ ਗਿਆ ਹੈ।

DIsha

This news is Content Editor DIsha