ਦਿੱਲੀ-NCR 'ਚ ਟ੍ਰਾਂਸਪੋਰਟਰਾਂ ਦੀ ਹੜਤਾਲ, ਸਫਰ ਵਿਚ ਹੋ ਸਕਦੀ ਹੈ ਪ੍ਰੇਸ਼ਾਨੀ

09/19/2019 8:22:07 AM

ਨਵੀਂ ਦਿੱਲੀ— ਸਰਕਾਰ ਵੱਲੋਂ ਹਾਲ ਹੀ 'ਚ ਲਾਗੂ ਕੀਤੇ ਗਏ ਨਵੇਂ ਟ੍ਰੈਫਿਕ ਨਿਯਮਾਂ 'ਚ ਵੱਖ-ਵੱਖ ਵਿਵਸਥਾਵਾਂ ਖਿਲਾਫ ਵੀਰਵਾਰ ਨੂੰ ਯੂਨਾਈਟਿਡ ਫਰੰਟ ਆਫ ਟ੍ਰਾਂਸਪੋਰਟ ਐਸੋਸੀਏਸ਼ਨ (ਯੂ. ਐੱਫ. ਟੀ. ਏ.) ਨੇ ਅੱਜ ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ।

ਇਸ ਹੜਤਾਲ ਦੇ ਮੱਦੇਨਜ਼ਰ ਬੱਸ ਜਾਂ ਆਟੋ ਨਾ ਮਿਲਣ 'ਤੇ  ਦਿੱਲੀ-ਐੱਨ. ਸੀ. ਆਰ. 'ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਦਿੱਲੀ-ਐੱਨ. ਸੀ. ਆਰ. 'ਚ ਲੋਕ ਮੈਟਰੋ ਦੀ ਸਵਾਰੀ ਕਰਕੇ ਆਪਣੀ ਮੰਜ਼ਲ 'ਤੇ ਪੁੱਜ ਸਕਦੇ ਹਨ। ਪ੍ਰੇਸ਼ਾਨੀ ਤੋਂ ਬਚਣ ਲਈ ਕਈ ਸਕੂਲਾਂ ਨੇ ਵੀਰਵਾਰ ਨੂੰ ਛੁੱਟੀ ਕਰ ਦਿੱਤੀ ਹੈ। ਹਾਲਾਂਕਿ, ਸਕੂਲਾਂ ਨੂੰ ਬੰਦ ਰੱਖਣ ਸਬੰਧੀ ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।

ਨਵੇਂ ਮੋਟਰ ਵ੍ਹੀਕਲ ਐਕਟ ਦਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਿਰੋਧ ਹੋ ਰਿਹਾ ਹੈ। ਸੂਬਾ ਸਰਕਾਰਾਂ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਤੋਂ ਪੈਰ ਪਿੱਛੇ ਖਿੱਚ ਰਹੀਆਂ ਹਨ। ਹੜਤਾਲ ਦਾ ਸੱਦਾ ਦੇਣ ਵਾਲੇ ਸੰਗਠਨ ਯੂ. ਐੱਫ. ਟੀ. ਏ. 'ਚ ਟਰੱਕ, ਬੱਸ, ਆਟੋ , ਟੈਂਪੂ, ਮੈਕਸੀ ਕੈਬ ਅਤੇ ਟੈਕਸੀਆਂ ਦਾ ਦਿੱਲੀ-ਐੱਨ. ਸੀ. ਆਰ. 'ਚ ਅਗਵਾਈ ਕਰਨ ਵਾਲੇ ਸੰਘ 'ਚ 41 ਸੰਗਠਨ ਸ਼ਾਮਲ ਹਨ।
ਟ੍ਰਾਂਸਪੋਰਟ ਯੂਨੀਅਨ ਮੁਤਾਬਕ ਐੱਨ. ਸੀ. ਆਰ. 'ਚ ਵੀਰਵਾਰ ਨੂੰ ਚੱਕਾ ਜਾਮ ਰਹਿਣ ਕਾਰਨ ਆਟੋ, ਟੈਕਸੀ, ਨਿੱਜੀ ਸਕੂਲ ਬੱਸਾਂ, ਮੈਕਸੀ ਕੈਬ, ਓਲਾ ਤੇ ਓਬਰ 'ਚ ਚੱਲਣ ਵਾਲੀਆਂ ਗੱਡੀਆਂ, ਐੱਸ. ਟੀ. ਏ. ਤਹਿਤ ਚੱਲਣ ਵਾਲੀਆਂ ਕਲੱਸਟਰ ਬੱਸਾਂ, ਪੇਂਡੂ ਸੇਵਾ, ਛੋਟੇ ਟਰੱਕ ਤੇ ਟੈਂਪੂ ਸਮੇਤ ਵੱਡੇ ਵਪਾਰਕ ਵਾਹਨਾਂ ਦੀਆਂ 41 ਸੰਗਠਨਾਂ ਨੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਸੜਕਾਂ 'ਤੇ ਨਾ ਚੱਲਣ ਦਾ ਐਲਾਨ ਕੀਤਾ ਹੈ।