ਦਿੱਲੀ-ਐੱਨ.ਸੀ.ਆਰ. ''ਚ ਧੁੰਦ ਦੀ ਚਾਦਰ, ਬਾਰਸ਼ ਕਾਰਨ ਤਾਪਮਾਨ ''ਚ ਆਈ ਗਿਰਾਵਟ

01/18/2020 11:37:20 AM

ਨਵੀਂ ਦਿੱਲੀ/ਨੋਇਡਾ— ਰਾਜਧਾਨੀ ਦਿੱਲੀ 'ਚ ਸ਼ਨੀਵਾਰ ਦੀ ਸਵੇਰ ਲੋਕ ਉੱਠੇ ਤਾਂ ਨੇੜੇ-ਤੇੜੇ ਸੰਘਣੀ ਧੁੰਦ ਛਾਈ ਹੋਈ ਸੀ। ਦ੍ਰਿਸ਼ਤਾ ਬੇਹੱਦ ਘੱਟ ਸੀ ਅਤੇ ਗੱਡੀਆਂ ਹੈੱਡਲਾਈਟ ਚੱਲਾ ਕੇ ਜਾ ਰਹੀਆਂ ਸਨ। ਹੁਣ ਵੀ ਇਹ ਸਥਿਤੀ ਬਣੀ ਹੋਈ ਹੈ ਅਤੇ ਮੌਸਮ ਵਿਭਾਗ ਅਨੁਸਾਰ ਅਗਲੇ ਕਈ ਦਿਨਾਂ ਤੱਕ ਦਿੱਲੀ-ਐੱਨ.ਸੀ.ਆਰ. 'ਚ ਧੁੰਦ ਦੀ ਚਾਦਰ ਛਾਈ ਰਹੇਗੀ।

ਇੰਡਿਆ ਗੇਟ ਅਤੇ ਰਾਜਪਥ ਦੀ ਗੱਲ ਕਰੀਏ ਤਾਂ ਇੱਥੇ ਦ੍ਰਿਸ਼ਤਾ ਬੇਹੱਦ ਘੱਟ ਸੀ ਅਤੇ ਕੁਝ ਮੀਟਰ ਦੂਰੀ ਤੱਕ ਵੀ ਸਹੀ ਤਰ੍ਹਾਂ ਕੁਝ ਨਹੀਂ ਦਿੱਸ ਰਿਹਾ ਸੀ। ਇਹੀ ਨਹੀਂ ਦਿੱਲੀ ਅਤੇ ਨੋਇਡਾ ਨੂੰ ਜੋੜਨ ਵਾਲੇ ਡੀ.ਐੱਨ.ਡੀ. ਫਲਾਈਓਵਰ 'ਤੇ ਵੀ ਸੰਘਣੀ ਧੁੰਦ ਛਾਈ ਹੋਈ ਹੈ।

ਸ਼ਨੀਵਾਰ ਸਵੇਰੇ ਦਿੱਲੀ 'ਚ ਵਧ ਤੋਂ ਵਧ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਾਰੀ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਸਫਦਰਗੰਜ ਇਲਾਕੇ 'ਚ ਮੁੱਖ ਪ੍ਰਦੂਸ਼ਕ ਦਾ ਪੱਧਰ 179 'ਚ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ 163 ਹੈ।

ਇਸ ਤੋਂ ਪਹਿਲਾਂ ਦਿੱਲੀ-ਐੱਨ.ਸੀ.ਆਰ. 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਾਰਸ਼ ਹੋਈ ਸੀ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਈ ਸੀ। ਹੁਣ ਧੁੰਦ ਛਾਉਣ ਕਾਰਨ ਇਕ ਵਾਰ ਫਿਰ ਤੋਂ ਸ਼ਹਿਰ ਦੀ ਗਤੀ ਘੱਟ ਦਿੱਸ ਰਹੀ ਹੈ। ਮੌਸਮ ਵਿਭਾਗ ਦੀ ਵੈੱਬਸਾਈਟ ਅਨੁਸਾਰ ਸ਼ਹਿਰ 'ਚ ਐਤਵਾਰ ਅਤੇ ਸੋਮਵਾਰ ਤੱਕ ਧੁੰਦ ਛਾਈ ਰਹੇਗੀ।

DIsha

This news is Content Editor DIsha