ਦਿੱਲੀ ਦੇ ਹਸਪਤਾਲਾਂ ''ਚ ਘੱਟ ਹੋਏ ਕੋਰੋਨਾ ਮਰੀਜ਼, ਕੇਜਰੀਵਾਲ ਨੇ ਕਿਹਾ- ਘਰ ''ਚ ਹੀ ਹੋ ਰਿਹੈ ਇਲਾਜ

07/26/2020 12:48:56 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਸਮੇਂ ਹਸਪਤਾਲਾਂ 'ਚ ਬੈੱਡ ਖਾਲੀ ਨਹੀਂ ਸੀ। ਕੋਰੋਨਾ ਮਰੀਜ਼ਾਂ ਨੂੰ ਇੱਧਰ ਤੋਂ ਉੱਧਰ ਭਟਕਣਾ ਪੈਂਦਾ ਸੀ। ਹਾਲ ਇਹ ਹੋ ਗਿਆ ਸੀ ਕਿ ਹਸਪਤਾਲਾਂ 'ਚ ਬੈੱਡ ਨਾ ਮਿਲਣ ਕਾਰਨ ਇਲਾਜ ਦੀ ਕਮੀ 'ਚ ਕਈ ਮਰੀਜ਼ਾਂ ਦੀ ਜਾਨ ਚੱਲੀ ਗਈ ਸੀ। ਹੁਣ ਦਿੱਲੀ ਸਰਕਾਰ ਦੇ ਕੋਵਿਡ ਰਾਖਵੇਂ ਹਸਪਤਾਲਾਂ 'ਚ 75 ਫੀਸਦੀ ਤੋਂ ਵੱਧ ਬੈੱਡ ਖਾਲੀ ਹਨ। ਹਸਪਤਾਲ 'ਚ ਦਾਖ਼ਲ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਕਮੀ ਆਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਹੈ ਕਿ 23 ਜੂਨ ਦੇ ਮੁਕਾਬਲੇ 26 ਜੁਲਾਈ ਤੱਕ ਬੈੱਡ ਆਕਿਊਪੈਂਸੀ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਕਾਫ਼ੀ ਘੱਟ ਗਿਣਤੀ 'ਚ ਲੋਕ ਬੀਮਾਰ ਪੈ ਰਹੇ ਹਨ। ਜ਼ਿਆਦਾਤਰ ਲੋਕ ਜੋ ਬੀਮਾਰ ਪੈ ਰਹੇ ਹਨ, ਉਨ੍ਹਾਂ ਦਾ ਘਰ 'ਚ ਹੀ ਇਲਾਜ ਕੀਤਾ ਜਾ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਹੈ ਕਿ ਹੁਣ ਕੁਝ ਹੀ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਪੈ ਰਹੀ ਹੈ। ਕੇਜਰੀਵਾਲ ਦੇ ਇਸ ਟਵੀਟ 'ਚ ਗ੍ਰਾਫਿਕਸ ਵੀ ਹਨ। ਇਨ੍ਹਾਂ 'ਚ ਹਸਪਤਾਲਾਂ 'ਚ ਕੁੱਲ ਬੈੱਡ, ਖਾਲੀ ਬੈੱਡ ਦੇ ਅੰਕੜੇ ਦਰਸਾਏ ਗਏ ਹਨ। ਗ੍ਰਾਫਿਕਸ ਅਨੁਸਾਰ 26 ਜੁਲਾਈ ਨੂੰ ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਲਈ ਰਾਖਵੇਂ 15301 ਬੈੱਡਾਂ 'ਚੋਂ ਸਿਰਫ਼ 2841 ਬੈੱਡ 'ਤੇ ਹੀ ਮਰੀਜ਼ ਹਨ। 12460 ਬੈੱਡ ਖਾਲੀ ਹਨ। ਮੁੱਖ ਮੰਤਰੀ ਵਲੋਂ ਟਵੀਟ ਕੀਤੇ ਗਏ ਗ੍ਰਾਫਿਕਸ ਅਨੁਸਾਰ ਕੁੱਲ 1188 'ਚੋਂ 778 ਵੈਂਟੀਲੇਟਰਜ਼ ਖਾਲੀ ਹਨ। 23 ਜੂਨ ਨੂੰ ਦਿੱਲੀ 'ਚ ਉਪਲੱਬਧ ਕੁੱਲ 13389 ਬੈੱਡਾਂ 'ਚੋਂ 6263 ਬੈੱਡ 'ਤੇ ਮਰੀਜ਼ ਸਨ। ਉਦੋਂ 7126 ਬੈੱਡ ਖਾਲੀ ਸਨ। ਉਦੋਂ ਕੁੱਲ 708 ਵੈਂਟੀਲੇਟਰਜ਼ 'ਚੋਂ 242 ਖਾਲੀ ਸਨ।

ਦੱਸਣਯੋਗ ਹੈ ਕਿ ਦਿੱਲੀ 'ਚ ਮਰੀਜ਼ਾਂ ਦੀ ਗਿਣਤੀ ਇਕ ਲੱਖ 29 ਹਜ਼ਾਰ 500 ਦੇ ਪਾਰ ਪਹੁੰਚ ਚੁੱਕੀ ਹੈ। ਕੋਰੋਨਾ ਇਨਫੈਕਸ਼ਨ ਕਾਰਨ ਦਿੱਲੀ 'ਚ 3800 ਤੋਂ ਵੱਧ ਲੋਕਾਂ ਦੀ ਜਾਨ ਜਾ ਚੁਕੀ ਹੈ। ਫਿਲਹਾਲ ਦਿੱਲੀ 'ਚ ਕੋਰੋਨਾ ਦੇ 12 ਹਜ਼ਾਰ 650 ਤੋਂ ਵੱਧ ਸਰਗਰਮ ਮਾਮਲੇ ਹਨ, ਜਿਨ੍ਹਾਂ 'ਚੋਂ 7300 ਤੋਂ ਵੱਧ ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ।

DIsha

This news is Content Editor DIsha