ਮੁੱਖ ਸਕੱਤਰ ਕੁੱਟਮਾਰ: ਦਿੱਲੀ ਹਾਈ ਕੋਰਟ ਨੇ ਅਮਾਨਤੁੱਲਾਹ ਨੂੰ ਦਿੱਤੀ ਜ਼ਮਾਨਤ

03/12/2018 12:01:57 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਨਾਲ ਕਥਿਤ ਕੁੱਟਮਾਰ ਦੇ ਮਾਮਲੇ 'ਚ ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾਹ ਖਾਨ ਨੂੰ ਰਾਹਤ ਦਿੱਤੀ ਹੈ। ਕੋਰਟ ਨੇ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਇਕ ਹੋਰ ਦੋਸ਼ੀ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁਕੀ ਹੈ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਅਮਾਨਤੁੱਲਾਹ ਨੂੰ ਜ਼ਮਾਨਤ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਆਪ' ਵਿਧਾਇਕਾਂ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਸ ਦੋਸ਼ ਤੋਂ ਬਾਅਦ ਕਾਫੀ ਬਵਾਲ ਮਚਿਆ ਸੀ ਅਤੇ ਆਈ.ਏ.ਐੱਸ. ਅਧਿਕਾਰੀਆਂ ਨੇ ਰਾਜ ਦੇ ਮੰਤਰੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਜਰਵਾਲ ਨੂੰ ਵੀ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਸੀ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਦਿੱਲੀ ਸਰਕਾਰ ਇਹ ਯਕੀਨੀ ਕਰੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ। ਕੋਰਟ ਨੇ ਜਰਵਾਲ ਨੂੰ ਆਦੇਸ਼ ਦਿੱਤਾ ਕਿ ਉਹ ਬਿਨਾਂ ਇਜਾਜ਼ਤ ਦੇ ਦੇਸ਼ ਦੇ ਬਾਹਰ ਨਹੀਂ ਜਾਣਗੇ ਅਤੇ ਜੇਕਰ ਆਪਣੇ ਘਰ ਦਾ ਪਤਾ ਬਦਲਦੇ ਹਨ ਤਾਂ ਉਸ ਲਈ ਸਹੁੰ ਪੱਤਰ ਦੇ ਰੂਪ 'ਚ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।