ਲਾਕਡਾਊਨ : ਦਿੱਲੀ ਦੇ ਗੁਰਦੁਆਰਿਆਂ ਨੂੰ ਮਿਲਣ ਵਾਲੇ ਦਾਨ ''ਚ ਆਈ ਕਮੀ, ਵਧੀ ਇਹ ਮੁਸ਼ਕਲ

05/12/2020 7:07:01 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦਰਮਿਆਨ ਜਿੱਥੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਗੁਰਦੁਆਰਿਆਂ 'ਚ ਲੰਗਰ ਛੱਕਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਉੱਥੇ ਹੀ ਗੁਰਦੁਆਰਿਆਂ ਨੂੰ ਮਿਲਣ ਵਾਲਾ ਰਾਸ਼ਨ ਅਤੇ ਦਾਨ 'ਚ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ-ਜਿਵੇਂ ਦਾਨ 'ਚ ਕਮੀ ਆ ਰਹੀ ਹੈ, ਉਵੇਂ ਹੀ ਗੁਰਦੁਆਰਿਆਂ ਨੂੰ ਲੋੜਵੰਦਾਂ ਨੂੰ ਲੰਗਰ ਛਕਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਫੈਲਣ ਕਾਰਨ ਦੇਸ਼ ਭਰ 'ਚ 25 ਮਾਰਚ ਤੋਂ ਲਾਕਡਾਊਨ ਜਾਰੀ ਹੈ, ਜੋ ਕਿ 17 ਮਈ ਤੱਕ ਰਹੇਗਾ। ਲਾਗੂ ਲਾਕਡਾਊਨ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਗੁਰਦੁਆਰਿਆਂ ਵਿਚ ਕਰੀਬ 50 ਲੱਖ ਬੇਘਰ, ਪ੍ਰਵਾਸੀ ਅਤੇ ਬਜ਼ੁਰਗਾਂ ਨੂੰ ਲੰਗਰ ਛਕਾ ਰਹੀ ਹੈ। ਬਸ ਇੰਨਾ ਹੀ ਨਹੀਂ ਗੁਰਦੁਆਰਿਆਂ ਨੇ ਡਾਕਟਰਾਂ, ਨਰਸਾਂ ਸਮੇਤ ਕਰੀਬ 200 ਸਿਹਤ ਕਰਮਚਾਰੀਆਂ ਨੂੰ ਆਸ਼ਰਮ ਵੀ ਉਪਲੱਬਧ ਕਰਵਾਏ ਹਨ, ਜੋ ਕਿ ਕੋਰੋਨਾ ਮਰੀਜ਼ਾਂ ਦੀ ਹਸਪਤਾਲਾਂ 'ਚ ਦੇਖ-ਰੇਖ ਕਰ ਰਹੇ ਹਨ।

ਦਰਅਸਲ ਡੀ. ਐੱਸ. ਜੀ. ਐੱਮ. ਸੀ. ਨੇ 500 ਲੋਕਾਂ ਨੂੰ ਲਾਕਡਾਊਨ ਦੌਰਾਨ ਰਾਹਤ ਕੰਮਾਂ ਲਈ ਤਾਇਨਾਤ ਕੀਤਾ ਹੈ, ਜਿਸ ਵਿਚ ਖਾਣਾ ਪਕਾਉਣ ਵਾਲੇ, ਡਰਾਈਵਰ, ਸਫਾਈ ਕਰਮਚਾਰੀ ਆਦਿ ਸ਼ਾਮਲ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਿਆਂ ਵਿਚ 40 ਲੱਖ ਰੁਪਏ ਦਾ ਦਾਨ ਆਉਂਦਾ ਸੀ, ਜਿਸ ਨੂੰ ਲੰਗਰ ਸੇਵਾ ਜਾਰੀ ਰੱਖਣ 'ਚ ਮਦਦ ਮਿਲਦੀ ਸੀ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਵੱਡੀ ਗਿਣਤੀ ਵਿਚ ਲੋਕ ਗੁਰਦੁਆਰੇ ਵਿਚ ਆਉਣ ਤੋਂ ਵਾਂਝੇ ਹੋ ਗਏ ਹਨ, ਜਿਸ ਕਾਰਨ ਦਾਨ ਅਤੇ ਚੜ੍ਹਾਵੇ ਵਿਚ ਭਾਰੀ ਗਿਰਾਵਟ ਆਈ ਹੈ। ਜੋ ਘੱਟ ਹੋ ਕੇ 20 ਫੀਸਦੀ ਤੱਕ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਆਲੂ ਸੇਵਾਦਾਰਾਂ ਕਾਰਨ ਲੰਗਰ ਸੇਵਾ ਜਾਰੀ ਹੈ, ਜੋ ਕਿ ਰਾਸ਼ਨ ਦਾਨ ਕਰਦੇ ਹਨ, ਜਿਸ 'ਚ ਘਿਓ, ਤੇਲ, ਖੰਡ, ਆਟਾ, ਚੌਲ, ਮਸਾਲੇ ਅਤੇ ਲੂਣ ਆਦਿ ਸ਼ਾਮਲ ਹਨ। ਸਿਰਸਾ ਨੇ ਇਹ ਵੀ ਕਿਹਾ ਕਿ ਦਿੱਲੀ ਕਮੇਟੀ ਦਾਨ 'ਤੇ ਨਿਰਭਰ ਹੈ ਅਤੇ ਇਹ ਦੁਨੀਆ ਭਰ ਦੇ ਕੁਝ ਵੱਡੇ ਦਿਲ ਵਾਲਿਆਂ ਵਲੋਂ ਮਿਲਣ ਵਾਲੀ ਮਦਦ ਹੈ, ਜਿਸ ਵਜ੍ਹਾ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ।

Tanu

This news is Content Editor Tanu