ਦਿੱਲੀ ਸਰਕਾਰ ਇਨ੍ਹਾਂ ਦੁਕਾਨਾਂ ਜ਼ਰੀਏ 23.90 ਰੁਪਏ ਪ੍ਰਤੀ ਕਿਲੋ ਦੀ ਕੀਮਤ ''ਤੇ ਵੇਚੇਗੀ ਪਿਆਜ਼

09/12/2019 2:43:50 PM

ਨਵੀਂ ਦਿੱਲੀ — ਕੇਂਦਰ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਬਫਰ ਸਟਾਕ 'ਚ ਪਿਆਜ਼ ਲਿਆ ਕੇ ਸਿਵਲ ਸਪਲਾਈ ਵਿਭਾਗ ਅਤੇ ਰਾਸ਼ਨ ਦੁਕਾਨਾਂ ਰਾਹੀਂ 23.90 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਤੇ ਵੇਚਣ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਆਜ਼ ਦੀਆਂ ਉੱਚੀਆਂ ਕੀਮਤਾਂ ਨੂੰ ਦੇਖਦੇ ਹੋਏ ਕੇਂਦਰ ਨੇ ਇਹ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪਿਆਜ਼ ਦੀਆਂ ਕੀਮਤਾਂ 39-40 ਰੁਪਏ ਪ੍ਰਤੀ ਕਿਲੋ ਹਨ। ਜਦੋਂਕਿ ਸ਼ਹਿਰ ਦੇ ਕੁਝ ਰਿਟੇਲਰ ਗੁਣਵੱਤਾ ਅਤੇ ਸਥਾਨ ਵਿਸ਼ੇਸ਼ ਦੇ ਅਧਾਰ 'ਤੇ ਇਸ ਨੂੰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵੇਚ ਰਹੇ ਹਨ। ਸਰਕਾਰ ਦੇ ਨਿਰਦੇਸ਼ 'ਤੇ ਇੰਡੀਅਨ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੇਟਿੰਗ ਫੈਡਰੇਸ਼ਨ (ਨਾਫੇਡ) ਅਤੇ ਨੈਸ਼ਨਲ ਕੰਜਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ਼ ਇੰਡੀਆ (ਐਨ.ਸੀ.ਸੀ.ਐੱਫ.) ਦੇ ਨਾਲ-ਨਾਲ ਮਦਰ ਡੇਅਰੀ ਬਫਰ ਸਟਾਕ ਤੋਂ ਪਿਆਜ਼ ਲੈ ਕੇ ਇਸਨੂੰ ਰਾਸ਼ਟਰੀ ਰਾਜਧਾਨੀ 'ਚ ਵੇਚ ਰਹੀ ਹੈ। ਮਦਰ ਡੇਅਰੀ 'ਸਫਲ' ਦੁਕਾਨਾਂ ਜ਼ਰੀਏ ਪਿਆਜ਼ 23.90 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵੇਚ ਰਹੀ ਹੈ। 

ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਇਸ ਸੀਨੀਅਰ ਅਧਿਕਾਰੀ ਨੇ ਦੱਸਿਆ, 'ਅਸੀਂ ਦਿੱਲੀ ਸਰਕਾਰ ਨੂੰ ਕੇਂਦਰੀ ਬਫਰ ਸਟਾਕ ਤੋਂ ਪਿਆਜ ਲੈ ਕੇ ਸਿਵਲ ਸਪਲਾਈ ਵਿਭਾਗ ਅਤੇ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੇਚਣ ਦੀ ਬੇਨਤੀ ਕੀਤੀ ਹੈ।'” ਅਧਿਕਾਰੀ ਨੇ ਦੱਸਿਆ ਕਿ ਸੂਬੇ ਵਲੋਂ ਜ਼ਿਆਦਾਤਰ 23.90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਿਆ ਜਾ ਰਿਹਾ ਹੈ। ਕੇਂਦਰ ਤੋਂ ਪਿਆਜ਼ ਦਾ ਸਟਾਕ 15-16 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਦਿੱਲੀ 'ਚ ਰੋਜ਼ਾਨਾ ਤਕਰੀਬਨ 350 ਟਨ ਪਿਆਜ਼ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਰਾਸ਼ਟਰੀ ਰਾਜਧਾਨੀ ਖੇਤਰ ਐਨ.ਸੀ.ਆਰ. ਨੂੰ ਰੋਜ਼ਾਨਾ 650 ਟਨ ਪਿਆਜ਼ ਦੀ ਜ਼ਰੂਰਤ ਹੈ। ਕੇਂਦਰ ਨੇ ਇਸ ਸਾਲ ਪਿਆਜ਼ ਦਾ 56,000 ਟਨ ਦਾ ਬਫਰ ਸਟਾਕ ਬਣਾਇਆ ਹੈ। ਇਸ ਵਿਚੋਂ 10,000-12,000 ਟਨ ਨਾਫੇਡ, ਐਨ ਸੀ ਸੀ ਐੱਫ ਅਤੇ ਮਦਰ ਡੇਅਰੀ ਨੇ ਹੁਣ ਤੱਕ ਵੇਚਿਆ ਹੈ। ਸਾਉਣੀ ਦੇ ਘੱਟ ਉਤਪਾਦਨ ਕਾਰਨ ਪਿਆਜ਼ ਦੀਆਂ ਕੀਮਤਾਂ 'ਤੇ ਦਬਾਅ ਬਣਿਆ ਹੋਇਆ ਹੈ। ਉਤਪਾਦਕ ਸੂਬਿਆਂ ਖ਼ਾਸਤੌਰ 'ਤੇ ਮਹਾਰਾਸ਼ਟਰ 'ਚ ਖੇਤੀ ਅਧੀਨ ਰਕਬੇ 'ਚ 10 ਪ੍ਰਤੀਸ਼ਤ ਦੀ ਗਿਰਾਵਟ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ।