ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਾਸੀਆਂ ਨੂੰ ਮਿਲ ਸਕਦੀ ਹੈ ਓਡ-ਈਵਨ ਤੋਂ ਰਾਹਤ

11/07/2019 4:33:10 PM

ਨਵੀਂ ਦਿੱਲੀ— ਦੇਸ਼ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ ਵਿਚ ਦਿੱਲੀ ਸਰਕਾਰ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਦਿੱਲੀ 'ਚ 11 ਅਤੇ 12 ਨਵੰਬਰ ਨੂੰ ਓਡ-ਈਵਨ ਦੀ ਪਾਬੰਦੀ ਤੋਂ ਛੋਟ ਦੇ ਸਕਦੀ ਹੈ। ਦਿੱਲੀ ਦੇ ਸਿੱਖ ਭਾਈਚਾਰੇ ਨੇ ਪ੍ਰਕਾਸ਼ ਪੁਰਬ ਅਤੇ ਨਗਰ ਕੀਰਤਨ ਦੌਰਾਨ ਛੋਟ ਦੇਣ ਦੀ ਮੰਗ ਦਿੱਲੀ ਸਰਕਾਰ ਤੋਂ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਦਿੱਲੀ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇਹ ਇਕ ਇਤਿਹਾਸਕ ਮੌਕਾ ਹੈ।

ਦਰਅਸਲ ਬੁੱਧਵਾਰ ਨੂੰ ਸਿੱਖਾਂ ਦਾ ਇਕ ਵਫ਼ਦ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ਮਿਲਿਆ। ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਕ ਵੀ ਆਪਣੀ ਮੰਗ ਪਹੁੰਚਾਈ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਵਫ਼ਦ ਨੂੰ ਉਨ੍ਹਾਂ ਦੀ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਸਰਕਾਰ 11 ਅਤੇ 12 ਨਵੰਬਰ ਨੂੰ ਛੋਟ ਦੇਣ 'ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਦੋਵੇਂ ਦਿਨ ਧਾਰਮਿਕ ਪ੍ਰੋਗਰਾਮ ਹੋਣਗੇ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ 4 ਤੋਂ 15 ਨਵੰਬਰ ਵਿਚਾਲੇ ਓਡ-ਈਵਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਲਾਗੂ ਰਹੇਗਾ।

Tanu

This news is Content Editor Tanu