ਦਿੱਲੀ ਦੇ ਗਾਰਗੀ ਕਾਲਜ ''ਚ ਵਿਦਿਆਰਥਣਾਂ ਨਾਲ ਛੇੜਛਾੜ ਦਾ ਮੁੱਦਾ ਭੱਖਿਆ, ਜਾਣੋ ਕੀ ਹੋਇਆ ਸੀ

02/10/2020 12:11:32 PM

ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ 'ਚ ਕੁੜੀਆਂ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਕਾਲਜ ਕੈਂਪਸ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਵਿਦਿਆਰਥਣਾਂ ਆਪਣੀ ਹੱਡਬੀਤੀ ਅਤੇ ਗੁੱਸਾ ਜ਼ਾਹਰ ਕਰ ਰਹੀਆਂ ਹਨ। ਕਾਲਜ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਕਰਨ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਵਿਰੁੱਧ ਵੀ ਰੋਹ ਹੈ। ਕਾਲਜ ਕੈਂਪਸ 'ਚ ਛੇੜਛਾੜ ਦੀ ਇਹ ਘਟਨਾ 6 ਫਰਵਰੀ ਦੀ ਹੈ। ਵਿਦਿਆਰਥਣਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਅੱਜ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਹੈ। ਦਰਅਸਲ ਵੀਰਵਾਰ ਯਾਨੀ ਕਿ 6 ਫਰਵਰੀ ਨੂੰ ਕਾਲਜ 'ਚ ਸਾਲਾਨਾ ਫੈਸਟੀਵਲ ਚਲ ਰਿਹਾ ਸੀ, ਉਸ ਦੌਰਾਨ ਕੁਝ ਸ਼ਰਾਬੀ ਕਾਲਜ ਦਾ ਗੇਟ ਟੱਪ ਕੇ ਅੰਦਰ ਦਾਖਲ ਹੋ ਗਏ ਸਨ। ਉਨ੍ਹਾਂ ਨੇ ਕੁੜੀਆਂ ਨਾਲ ਬਦਤਮੀਜ਼ੀ ਕੀਤੀ। ਕੁੜੀਆਂ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕੁਝ ਦੋਸ਼ੀ ਕੰਧ ਟੱਪ ਕੇ ਵੀ ਕਾਲਜ ਅੰਦਰ ਦਾਖਲ ਹੋਏ ਸਨ। 

ਸ਼ਿਕਾਇਤ ਤੋਂ ਬਾਅਦ ਵੀ ਪ੍ਰਿੰਸੀਪਲ ਅਤੇ ਕਾਲਜ ਪ੍ਰਸ਼ਾਸਨ ਤੋਂ ਮਦਦ ਨਹੀਂ ਮਿਲੀ। ਹਾਲਾਂਕਿ ਪ੍ਰਿੰਸੀਪਲ ਇਸ ਪੂਰੇ ਮਾਮਲੇ ਤੋਂ ਆਪਣਾ ਪੱਲਾ ਝਾੜ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਇਸ ਸਵਾਲ 'ਤੇ ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਿੰਸੀਪਲ, ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ੁਬਾਨੀ ਸ਼ਿਕਾਇਤ ਉਸੇ ਦਿਨ ਦੇ ਦਿੱਤੀ ਸੀ ਅਤੇ ਸੋਮਵਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ। ਵਿਦਿਆਰਥਣਾਂ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਉਹ ਹੁਣ ਤਕ ਇਸ ਲਈ ਨਹੀਂ ਕਰ ਸਕੀਆਂ, ਕਿਉਂਕਿ 7 ਫਰਵਰੀ ਨੂੰ ਫੈਸਟੀਵਲ ਤੋਂ ਬਾਅਦ ਛੁੱਟੀ ਸੀ। 8 ਨੂੰ ਦਿੱਲੀ ਚੋਣਾਂ ਅਤੇ ਫਿਰ ਐਤਵਾਰ ਸੀ। ਵਿਦਿਆਰਥਣਾਂ ਹੁਣ ਕਾਲਜ 'ਚ ਉਨ੍ਹਾਂ ਕੁੜੀਆਂ ਦੇ ਬਿਆਨ ਇਕੱਠਾ ਕਰ ਰਹੀਆਂ ਹਨ, ਜਿਨ੍ਹਾਂ ਨੇ ਇਹ ਬਦਤਮੀਜ਼ੀ ਝੱਲੀ ਅਤੇ ਚਸ਼ਮਦੀਦ ਰਹੀਆਂ। ਓਧਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਆਪਣੇ ਧਿਆਨ 'ਚ ਲਿਆ ਹੈ ਅਤੇ ਕਮਿਸ਼ਨ ਛੇਤੀ ਹੀ ਘਟਨਾ ਵਾਲੀ ਥਾਂ ਦਾ ਦੌਰਾ ਕਰੇਗਾ। ਕਮਿਸ਼ਨ ਨੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦਾ ਇਕ ਦਲ ਛੇਤੀ ਹੀ ਸਥਿਤੀ ਦਾ ਜਾਇਜ਼ਾ ਲੈਣ ਗਾਰਗੀ ਕਾਲਜ ਜਾਵੇਗਾ। 


Tanu

Content Editor

Related News