ਦਿੱਲੀ ਚੋਣਾਂ 2020: ਕੁੱਲ ਵੋਟਾਂ ''ਚ ''ਨੋਟਾ'' ਦੀ ਹਿੱਸੇਦਾਰੀ 0.5 ਫੀਸਦੀ

02/12/2020 1:10:52 PM

ਨਵੀਂ ਦਿੱਲੀ (ਭਾਸ਼ਾ)— ਹਾਲ ਹੀ 'ਚ ਸੰਪੰਨ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 43,000 ਤੋਂ ਵਧ ਵੋਟਾਂ 'ਉਪਰੋਕਤ 'ਚੋਂ ਕੋਈ ਨਹੀਂ' ਯਾਨੀ ਨੋਟਾ ਸ਼੍ਰੇਣੀ ਦੇ ਖਾਤੇ ਵਿਚ ਗਈਆਂ । ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪਈਆਂ ਅਤੇ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਹੋਈ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਅੰਕੜਿਆਂ ਮੁਤਾਬਕ ਨੋਟਾ ਸ਼੍ਰੇਣੀ 'ਚ 43,108 ਵੋਟਾਂ ਪਈਆਂ, ਜੋ ਕਿ ਕੁੱਲ ਵੋਟਾਂ ਦਾ 0.5 ਫੀਸਦੀ ਹੈ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਾਲੇ ਮੰਨਿਆ ਜਾ ਰਿਹਾ ਸੀ। ਦਿੱਲੀ ਦੇ ਚੁਣਾਵੀ ਦੰਗਲ ਵਿਚ ਕੁੱਲ 672 ਉਮੀਦਵਾਰ ਸਨ, ਜਿਨ੍ਹਾਂ 'ਚੋਂ 79 ਔਰਤਾਂ ਸਨ। ਵੋਟਿੰਗ ਦਾ ਫੀਸਦੀ 62.59 ਸੀ, ਜੋ 2015 ਦੇ ਵੋਟਿੰਗ ਫੀਸਦੀ ਤੋਂ 5 ਫੀਸਦੀ ਘੱਟ ਸੀ। 

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ 2015 ਦਾ ਆਪਣਾ ਪ੍ਰਦਰਸ਼ਨ ਕਰੀਬ-ਕਰੀਬ ਦੋਹਰਾਇਆ ਹੈ ਅਤੇ 62 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਉਸ ਦਾ ਵੋਟ ਫੀਸਦੀ 53.57 ਰਿਹਾ, ਜਦਕਿ ਭਾਜਪਾ ਦਾ ਵੋਟ ਫੀਸਦੀ 38.51 ਰਿਹਾ ਅਤੇ ਉਸ ਨੂੰ ਸਿਰਫ 8 ਸੀਟਾਂ ਹੀ ਮਿਲੀਆਂ। ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੋਲ੍ਹ ਸਕੀ। 

ਜੇਕਰ ਗੱਲ 2015 ਦੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਉਸ ਸਮੇਂ ਦੀਆਂ ਚੋਣਾਂ ਵਿਚ ਨੋਟਾ ਸ਼੍ਰੇਣੀ 'ਚ ਕੁੱਲ ਵੋਟਾਂ ਦੇ 0.4 ਫੀਸਦੀ ਵੋਟਾਂ ਮਿਲੀਆਂ ਸਨ।  'ਆਪ' ਪਾਰਟੀ ਨੇ 70 'ਚੋਂ 67 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਦਕਿ ਭਾਜਪਾ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਉਦੋਂ ਵੀ ਕਾਂਗਰਸ ਨੇ ਖਾਤਾ ਨਹੀਂ ਖੋਲ੍ਹਿਆ ਸੀ। ਇੱਥੇ ਦੱਸ ਦੇਈਏ ਕਿ ਸਤੰਬਰ 2013 'ਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਹੁਕਮ ਤੋਂ ਬਾਅਦ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਵੋਟਿੰਗ ਪੈਨਲ 'ਤੇ ਆਖਰੀ ਬਦਲ ਦੇ ਤੌਰ 'ਤੇ 'ਨੋਟਾ' ਦਾ ਬਟਨ ਸ਼ਾਮਲ ਕੀਤਾ ਸੀ।


Tanu

Content Editor

Related News