ਦਿੱਲੀ ਚੋਣਾਂ 2020 : ਜਾਣੋ ਕੀ ਹੈ ਵੈਲਨਟਾਈਨ ਡੇਅ ਅਤੇ ਅਰਵਿੰਦ ਕੇਜਰੀਵਾਲ ਦਾ ਕੁਨੈਕਸ਼ਨ

02/11/2020 3:05:20 PM

ਨਵੀਂ ਦਿੱਲੀ— ਦਿੱਲੀ 'ਚ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ (ਆਪ) ਰੁਝਾਨਾਂ 'ਚ ਅੱਗੇ ਚੱਲ ਰਹੀ ਹੈ। ਜੇਕਰ 'ਆਪ' ਚੋਣ ਨਤੀਜਿਆਂ ਵਿਚ ਜੇਤੂ ਹੁੰਦੀ ਹੈ ਤਾਂ ਦਿੱਲੀ ਵਿਚ ਇਹ ਪਾਰਟੀ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਠੀਕ ਉਵੇਂ ਹੀ ਜਿਵੇਂ ਕਾਂਗਰਸ ਦੀ ਮਰਹੂਮ ਨੇਤਾ ਸ਼ੀਲਾ ਦੀਕਸ਼ਿਤ ਨੇ 3 ਵਾਰ ਲਗਾਤਾਰ ਜਿੱਤ ਹਾਸਲ ਕਰ ਕੇ 15 ਸਾਲ ਦਿੱਲੀ ਦੀ ਸੱਤਾ 'ਤੇ ਰਾਜ ਕੀਤਾ ਸੀ। ਜੇਕਰ 'ਆਪ' ਪਾਰਟੀ ਜਿੱਤਦੀ ਹੈ ਤਾਂ ਕੇਜਰੀਵਾਲ  ਵੈਲਨਟਾਈਨ ਡੇਅ ਯਾਨੀ ਕਿ 14 ਫਰਵਰੀ ਨੂੰ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ 14 ਫਰਵਰੀ ਵੈਲਨਟਾਈਨ ਡੇਅ ਨਾਲ ਕੇਜਰੀਵਾਲ ਦਾ ਕਨੈਕਸ਼ਨ ਦਾ ਵੀ ਪਤਾ ਲੱਗਦਾ ਹੈ। ਇਸ ਨੂੰ ਸੰਜੋਗ ਵੀ ਕਿਹਾ ਜਾ ਸਕਦਾ ਹੈ। ਸਾਲ 2013 ਅਤੇ 2015 ਦੋਵੇਂ ਹੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਵੈਲਨਟਾਈਨ ਡੇਅ ਕਿਸੇ ਨਾ ਕਿਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਹੈ। 

ਆਓ ਜਾਣਦੇ ਹਾਂ ਕੀ ਹੈ 14 ਫਰਵਰੀ ਦਾ ਕੁਨੈਕਸ਼ਨ— 
2013 'ਚ 4 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨੇ ਗਏ ਅਤੇ ਇਸ ਦੇ ਨਾਲ ਹੀ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ। ਇਨ੍ਹਾਂ ਚੋਣਾਂ 'ਚ 'ਆਪ' ਨੂੰ 28, ਕਾਂਗਰਸ ਨੂੰ 8 ਅਤੇ ਭਾਜਪਾ ਨੂੰ 31 ਸੀਟਾਂ ਮਿਲੀਆਂ ਸਨ। ਜਿਸ ਤੋਂ ਬਾਅਦ ਕਾਂਗਰਸ ਅਤੇ ਆਪ ਨੇ ਗਠਜੋੜ ਸਰਕਾਰ ਬਣਾਉਣ ਦਾ ਫੈਸਲਾ ਲਿਆ ਸੀ। ਹਾਲਾਂਕਿ ਕਾਂਗਰਸ ਅਤੇ 'ਆਪ' ਵਿਚਾਲੇ ਰਿਸ਼ਤੇ ਖਰਾਬ ਹੋ ਗਏ ਸਨ। 14 ਫਰਵਰੀ 2014 ਨੂੰ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਦਿਨ ਚੁਣਿਆ ਸੀ। ਇਹ ਸਰਕਾਰ ਸਿਰਫ 49 ਦਿਨਾਂ ਤਕ ਹੀ ਚਲੀ। ਇਸ ਤੋਂ ਬਾਅਦ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ।

ਜੇਕਰ ਗੱਲ 2015 ਦੀ ਕੀਤੀ ਜਾਵੇ ਤਾਂ 12 ਜਨਵਰੀ 2015 ਨੂੰ ਦਿੱਲੀ ਵਿਚ ਚੋਣਾਂ ਦਾ ਐਲਾਨ ਹੋਇਆ। ਇਸੇ ਦਿਨ 'ਆਪ' ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਐਲਾਨ ਕਰ ਦਿੱਤਾ ਸੀ ਕਿ ਕੇਜਰੀਵਾਲ ਇਤਿਹਾਸਕ ਰਾਮਲੀਲਾ ਮੈਦਾਨ 'ਚ 14 ਫਰਵਰੀ ਨੂੰ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ 'ਚ ਸਾਰੇ ਚੋਣ ਮਾਹਰਾਂ ਨੂੰ ਗਲਤ ਸਾਬਤ ਕੀਤਾ ਅਤੇ ਇਸ ਪਾਰਟੀ ਨੇ ਨਵੇਂ ਰਿਕਾਰਡ ਬਣਾਏ। 'ਆਪ' ਨੇ 67 ਸੀਟਾਂ 'ਤੇ ਵੱਡੀ ਜਿੱਤ ਹਾਸਲ ਕੀਤੀ ਅਤੇ ਭਾਜਪਾ ਸਿਰਫ 3 ਸੀਟਾਂ 'ਤੇ ਮਿਸਟ ਕੇ ਰਹਿ ਗਈ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਕੇਜਰੀਵਾਲ ਨੇ 14 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ 'ਚ ਦੂਜੀ ਵਾਰ ਸਹੁੰ ਚੁੱਕ ਲਈ ਸੀ। ਇਸ ਸਾਲ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਆ ਰਹੇ ਹਨ। ਜੇਕਰ ਕੇਜਰੀਵਾਲ ਅਤੇ ਵੈਲਨਟਾਈਨ ਡੇਅ ਕਨੈਕਸ਼ਨ ਨੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਇਕ ਵਾਰ ਫਿਰ 14 ਫਰਵਰੀ ਨੂੰ ਸਹੁੰ ਚੁੱਕ ਸਕਦੇ ਹਨ।

Tanu

This news is Content Editor Tanu