ਨਾਮਜ਼ਦਗੀ ਲਈ ਕੇਜਰੀਵਾਲ ਨੂੰ ਕਰਨੀ ਪੈ ਰਹੀ ਹੈ ਲੰਬੀ ਉਡੀਕ, ਕੀਤਾ ਇਹ ਟਵੀਟ

01/21/2020 3:45:01 PM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਅਰਵਿੰਦ ਕੇਜਰੀਵਾਲ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਇੱਥੇ ਦੱਸ ਦੇਈਏ ਕਿ ਅੱਜ ਭਾਵ ਮੰਗਲਵਾਰ ਨੂੰ ਜਦੋਂ ਕੇਜਰੀਵਾਲ ਜਾਮਨਗਰ ਹਾਊਸ ਨਾਮਜ਼ਦਗੀ ਪੱਤਰ ਭਰਨ ਲਈ ਪੁੱਜੇ ਤਾਂ ਬਾਹਰ ਕੁਝ ਉਮੀਦਵਾਰਾਂ ਨੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉੱਥੇ ਸੁਰੱਖਿਆ ਵਧਾ ਦਿੱਤੀ ਗਈ। ਦਰਅਸਲ ਕੇਜਰੀਵਾਲ ਨੂੰ ਨਾਮਜ਼ਦਗੀ ਭਰਨ ਲਈ ਸਿੱਧੀ ਐਂਟਰੀ ਦੇ ਦਿੱਤੀ ਗਈ ਸੀ, ਜਿਸ ਕਾਰਨ ਚੋਣ ਦਫਤਰ ਦੇ ਬਾਹਰ ਭੀੜ ਨੇ ਹੰਗਾਮਾ ਕਰ ਦਿੱਤਾ। ਹੰਗਾਮੇ ਨੂੰ ਦੇਖਦੇ ਨਾਮਜ਼ਦਗੀ ਲਈ ਟੋਕਨ ਵੰਡੇ ਗਏ। ਕੇਜਰੀਵਾਲ ਦੇ ਟੋਕਨ ਦਾ ਨੰਬਰ-45 ਹੈ। ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਉਮੀਦਵਾਰਾਂ ਦਾ ਦੋਸ਼ ਸੀ ਕਿ ਚੋਣ ਲੜਨ ਵਾਲੇ ਸਾਰੇ ਬਰਾਬਰ ਹਨ। 



ਇਸ ਦਰਮਿਆਨ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਉਡੀਕ ਕਰ ਰਿਹਾ ਹਾਂ। ਮੇਰਾ ਟੋਕਨ ਨੰਬਰ-45 ਹੈ। ਇੱਥੇ ਨਾਮਜ਼ਦਗੀ ਭਰਨ ਲਈ ਕਈ ਲੋਕ ਲਾਈਨ 'ਚ ਲੱਗੇ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ਵਿਚ ਕਈ ਲੋਕ ਸ਼ਿਰਕਤ ਕਰ ਰਹੇ ਹਨ। ਰਿਪੋਰਟ ਮੁਤਾਬਕ ਕੇਜਰੀਵਾਲ ਦਾ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਚੋਣ ਕਮਿਸ਼ਨ ਵਲੋਂ 3 ਵਜੇ ਤਕ ਦਾ ਤੈਅ ਕੀਤਾ ਗਿਆ ਹੈ। ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ ਨਾਮਜ਼ਦਗੀ ਪੱਤਰ ਭਰਨਾ ਹੈ।

Tanu

This news is Content Editor Tanu