ਦਿੱਲੀ ''ਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਜੋੜੇ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ

07/09/2020 5:24:44 PM

ਨਵੀਂ ਦਿੱਲੀ- ਦਿੱਲੀ 'ਚ 87 ਸਾਲਾ ਇਕ ਜਨਾਨੀ ਅਤੇ ਅਲਜਾਈਮਰ ਨਾਲ ਪੀੜਤ ਉਨ੍ਹਾਂ ਦੇ 90 ਸਾਲਾ ਪਤੀ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਜ਼ੁਰਗ ਜੋੜੇ ਦਾ ਇਲਾਜ ਕਰਨ ਵਾਲੇ ਸ਼ਹਿਰ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਬਜ਼ੁਰਗਾਂ ਦੀ ਸਭ ਤੋਂ ਵੱਧ ਮੌਤਾਂ ਹੋਣ ਦੇ ਅੰਕੜਿਆਂ ਨੂੰ ਦੇਖਦੇ ਹੋਏ ਇਸ ਜੋੜੇ ਦਾ ਸਿਹਤਮੰਦ ਹੋਣਾ ਹੋਰ ਮਰੀਜ਼ਾਂ ਦੀ ਆਸ ਦੀ ਕਿਰਨ ਹੈ। 25 ਮਈ ਨੂੰ 87 ਸਾਲਾ ਜਨਾਨੀ ਨੂੰ ਕਮਰ 'ਚ ਫਰੈਕਚਰ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਤੁਰੰਤ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਅਤੇ ਉਹ ਪੀੜਤ ਪਾਈ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਪਤੀ ਵੀ ਇਨਫੈਕਟਡ ਪਾਏ ਗਏ। ਜੋੜੇ ਨੂੰ ਸ਼ੁਰੂਆਤ 'ਚ ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਉਨ੍ਹਾਂ ਦੇ ਸਰੀਰ ਦੇ ਅਹਿਮ ਅੰਗਾਂ 'ਤੇ ਨਿਯਮਿਤ ਰੂਪ ਨਾਲ ਨਜ਼ਰ ਰੱਖੀ ਗਈ, ਉੱਚਿਤ ਇਲਾਜ ਦਿੱਤਾ ਗਿਆ ਅਤੇ ਪਹਿਲੇ 10 ਦਿਨਾਂ 'ਚ ਉਨ੍ਹਾਂ ਦੀ ਸਿਹਤ 'ਚ ਜ਼ਬਰਦਸਤ ਸੁਧਾਰ ਹੋਇਆ। ਜਦੋਂ ਜਨਾਨੀ ਜਾਂਚ 'ਚ ਇਨਫੈਕਟਡ ਨਹੀਂ ਪਾਈ ਗਈ ਤਾਂ ਉਨ੍ਹਾਂ ਦੀ ਸਫ਼ਲ ਸਰਜਰੀ ਕੀਤੀ ਗਈ। ਸੀਨੀਅਰ ਡਾਕਟਰ ਨੇ ਦੱਸਿਆ,''ਜ਼ਿਆਦਾ ਉਮਰ ਦੇ ਅਤੇ ਕਈ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਕੋਵਿਡ-19 ਤੋਂ ਸਭ ਤੋਂ ਵੱਧ ਖਤਰਾ ਹੈ ਅਤੇ ਉਨ੍ਹਾਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਨਾਲ ਹੀ ਦਿਲ ਦੀ ਬੀਮਾਰੀ, ਡਿਮੇਂਸ਼ੀਆ, ਫੇਫੜਿਆਂ ਦੀ ਬੀਮਾਰੀ, ਸ਼ੂਗਰ ਜਾਂ ਕਿਡਨੀ ਦੀਆਂ ਬੀਮਾਰੀਆਂ ਕਾਰਨ ਉਨ੍ਹਾਂ ਦੇ ਇਨਫੈਕਟਡ ਰੋਗਾਂ ਨਾਲ ਲੜਨ ਦੀ ਸਮਰੱਥਾ ਸਮੇਂ ਦੇ ਨਾਲ ਕਮਜ਼ੋਰ ਹੋ ਜਾਂਦੀ ਹੈ।

ਅਪੋਲੋ ਹਸਪਤਾਲ ਦੇ ਡਾਕਟਰ ਨੇ ਕਿਹਾ,''ਇਸ ਮਾਮਲੇ 'ਚ ਕਮਰ ਦੇ ਫਰੈਕਚਰ ਕਾਰਨ ਬਜ਼ੁਰਗ ਜਨਾਨੀ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਡਾਕਟਰਾਂ ਅਤੇ ਨਰਸਾਂ ਦੀ ਟੀਮ ਨੇ ਉਨ੍ਹਾਂ ਦੀ ਮੈਡੀਕਲ ਦੇਖਭਾਲ ਲਈ ਸਖਤ ਮਿਹਨਤ ਕੀਤੀ।'' ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਣ ਦੀ ਸਥਿਤੀ 'ਚ ਆਈ.ਸੀ.ਯੂ. 'ਚ ਇਕ ਟੀਮ ਨੂੰ ਤਿਆਰ ਰਹਿਣ ਲਈ ਕਿਹਾ ਗਿਆ। ਉਨ੍ਹਾਂ ਨੇ ਕਿਹਾ,''ਇਸ ਦੇ ਨਾਲ ਹੀ ਹਾਲਾਂਕਿ ਉਨ੍ਹਾਂ ਦੇ ਪਤੀ ਨੂੰ ਹਲਕੇ ਲੱਛਣ ਸਨ ਅਤੇ ਉਨ੍ਹਾਂ ਦੀ ਉਮਰ ਅਤੇ ਕਈ ਬੀਮਾਰੀਆਂ ਨੂੰ ਦੇਖਦੇ ਹੋਏ ਹਰ ਮਿੰਟ ਲਈ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਣਾ ਸਾਡੇ ਲਈ ਮਹੱਤਵਪੂਰਨ ਸੀ।'' ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਹੋਣ ਨਾਲ ਮਰੀਜ਼ ਦੀ ਜਾਨ ਨੂੰ ਵੱਡਾ ਖਤਰਾ ਹੁੰਦਾ ਹੈ। ਅਜਿਹੇ ਮਾਮਲਿਆਂ 'ਚ ਮਰੀਜ਼ ਟਰਾਮਾ 'ਚ ਵੀ ਜਾ ਸਕਦਾ ਹੈ, ਜਿਸ ਨਾਲ ਉਸ ਦੇ ਸਿਹਤਮੰਦ ਹੋਣ ਦੀ ਪ੍ਰਕਿਰਿਆ 'ਤੇ ਅਸਰ ਪੈ ਸਕਦਾ ਹੈ।'' ਹਾਲਾਂਕਿ ਸਾਰੀਆਂ ਪਰੇਸ਼ਾਨੀਆਂ ਨੂੰ ਪਾਰ ਪਾਉਂਦੇ ਹੋਏ ਜੋੜੇ ਨੂੰ 22 ਜੂਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

DIsha

This news is Content Editor DIsha