ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਡਾਕਟਰ, ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ

05/15/2020 5:37:21 PM

ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਮੁੱਖ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਿਰੁੱਧ ਲੜਾਈ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਅਰਦਾਸ ਕਰ ਕੇ ਉਨ੍ਹਾਂ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ. ਕੇ ਸ਼ਰਮਾ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸੂਦ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾ. ਐੱਨ. ਐੱਨ. ਮਾਥੁਰ ਦੀ ਅਗਵਾਈ 'ਚ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਏ ਅਤੇ ਇਸ ਮਹਾਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ ਸ਼ਕਤੀ ਬਖਸ਼ਣ ਦੀ ਵੀ ਅਰਦਾਸ ਕੀਤੀ।

ਦੱਸ ਦੇਈਏ ਕਿ ਸਾਲ 1663 'ਚ ਦਿੱਲੀ ਵਿਚ ਫੈਲੇ ਹੈਜ਼ਾ ਅਤੇ ਚੇਚਕ ਦੀ ਮਹਾਮਾਰੀ ਦੌਰਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਟੈਂਕ ਦੇ ਪਾਣੀ ਤੋਂ ਹਜ਼ਾਰਾਂ ਪ੍ਰਭਾਵਿਤ ਲੋਕਾਂ ਦਾ ਇਲਾਜ ਕਰ ਕੇ ਮਨੁੱਖਤਾ ਦੀ ਰੱਖਿਆ ਕੀਤੀ ਸੀ ਅਤੇ ਅੱਜ ਦਿੱਲੀ ਦੇ ਚੋਟੀ ਦੇ ਹਸਪਤਾਲਾਂ ਦੇ ਸੁਪਰਡੈਂਟਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਨੂੰ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ 'ਚ ਡਾਕਟਰਾਂ ਦੇ ਠਹਿਰਣ ਦਾ ਇੰਤਜ਼ਾਮ ਕਰਨ ਲਈ ਸਿੱਖ ਸਮਾਜ ਦਾ ਧੰਨਵਾਦ ਕੀਤਾ।

ਡਾਕਟਰਾਂ ਨੇ ਕਿਹਾ ਕਿ ਲਾਕਡਾਊਨ ਦੀ ਵਜ੍ਹਾ ਤੋਂ ਉੱਚਿਤ ਟਰਾਂਸਪੋਰਟ ਵਿਵਸਥਾ ਨਾ ਹੋਣ ਦਿੱਲੀ ਦੇ ਖੇਤਰ ਵਿਚ ਰਹਿ ਰਹੇ ਡਾਕਟਰਾਂ ਨੂੰ ਆਪਣੇ ਕੰਮ ਵਾਲੀਆਂ ਥਾਵਾਂ ਦੇ ਨੇੜੇ ਆਵਾਸੀ ਸਹੂਲਤ ਪ੍ਰਦਾਨ ਕਰ ਕੇ ਇਸ ਲੜਾਈ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਕਈ ਮਕਾਨ ਮਾਲਕਾਂ ਵਲੋਂ ਡਾਕਟਰਾਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਮੱਦੇਨਜ਼ਰ ਰਾਜਧਾਨੀ ਦੇ ਵਿਚੋਂ-ਵਿਚ ਸਾਰੀਆਂ ਸੁੱਖ-ਸਹੂਲਤਾਂ ਨਾਲ ਪੂਰਨ ਆਵਾਸੀ ਸਹੂਲਤ ਪ੍ਰਦਾਨ ਕਰ ਕੇ ਸਿੱਖ ਸਮਾਜ ਨੇ ਡਾਕਟਰਾਂ ਦਾ ਦਿੱਲ ਜਿੱਤ ਲਿਆ ਹੈ।

ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ 'ਚ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦਾ ਅਧਿਕਾਰੀਆਂ ਨੇ ਇਨ੍ਹਾਂ ਡਾਕਟਰਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਅਤੇ ਇਨ੍ਹਾਂ ਦਾ ਧੰਨਵਾਦ ਕੀਤਾ, ਜੋ ਕਿ ਕੋਰੋਨਾ ਵਿਰੁੱਧ ਇਸ ਲੜਾਈ ਵਿਚ ਪੂਰੀ ਦੁਨੀਆ ਦੀ ਅਗਵਾਈ ਕਰ ਰਹੇ ਹਨ।

Tanu

This news is Content Editor Tanu