ਦਿੱਲੀ ਚੋਣਾਂ : ਕਾਂਗਰਸ ਨੇ ਜਾਰੀ ਕੀਤੀ ਆਖਰੀ ਲਿਸਟ, ਜਾਣੋ ਕੇਜਰੀਵਾਲ ਦੇ ਵਿਰੁੱਧ ਕੌਣ ਲੜੇਗਾ

01/21/2020 11:59:37 AM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਭਾਵ ਅੱਜ 5 ਉਮੀਦਵਾਰਾਂ ਦੀ ਤੀਜੀ ਅਤੇ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਤਰ੍ਹਾਂ ਨਾਲ ਪਾਰਟੀ ਨੇ ਕੁੱਲ 66 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ 70 ਮੈਂਬਰ ਵਿਧਾਨ ਸਭਾ ਸੀਟਾਂ 'ਚੋਂ 66 ਸੀਟਾਂ 'ਤੇ ਚੋਣ ਲੜੇਗੀ, ਬਾਕੀ ਦੀਆਂ 4 ਸੀਟਾਂ ਉਸ ਨੇ ਸਹਿਯੋਗੀ ਰਾਜਦ ਲਈ ਛੱਡੀਆਂ ਹਨ। ਕਾਂਗਰਸ ਵਲੋਂ ਮੰਗਲਵਾਰ ਨੂੰ ਜਾਰੀ ਉਮੀਦਵਾਰਾਂ ਦੀ ਲਿਸਟ ਮੁਤਾਬਕ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਮੁਕੇਸ਼ ਸ਼ਰਮਾ ਨੂੰ ਵਿਕਾਸਪੁਰੀ ਅਤੇ ਸਾਬਕਾ ਸੰਸਦ ਮੈਂਬਰ ਪਰਵੇਜ਼ ਹਾਸ਼ਮੀ ਨੂੰ ਔਖਲਾ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਕਾਂਗਰਸ ਨੇ 7 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਸੀ। ਇਸ ਵਿਚ ਸਭ ਤੋਂ ਪ੍ਰਮੁੱਖ ਨਾਮ ਰਮੇਸ਼ ਸੱਬਰਵਾਲ ਦਾ ਸੀ, ਜੋ ਨਵੀਂ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜਨਗੇ। 

ਕੇਜਰੀਵਾਲ ਵਿਰੁੱਧ ਉਮੀਦਵਾਰ ਬਣਾਏ ਗਏ ਸੱਬਰਵਾਲ ਪਹਿਲਾਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਹੇ ਹਨ। ਉਹ ਯੁਵਾ ਕਾਂਗਰਸ ਨਾਲ ਵੀ ਜੁੜੇ ਰਹੇ ਹਨ। ਕਾਂਗਰਸ ਨੇ ਸ਼ਨੀਵਾਰ ਨੂੰ 54 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ, ਜਿਸ 'ਚ ਕਈ ਸਾਬਕਾ ਮੰਤਰੀਆਂ ਦੇ ਅਤੇ ਕੁਝ ਨਵੇਂ ਨਾਮ ਸ਼ਾਮਲ ਹਨ। ਕਾਂਗਰਸ ਨੇ ਕੁੱਲ 10 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਓਧਰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਪੜਪੜਗੰਜ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਲਕਸ਼ਮਣ ਰਾਵਤ ਨੂੰ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ 8 ਫਰਵਰੀ ਨੂੰ ਵੋਟਾਂ ਹੋਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।

Tanu

This news is Content Editor Tanu