ਨਤੀਜਿਆਂ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕਿਹਾ- ਸ਼ੁਕਰੀਆ

02/11/2020 6:54:16 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਵੱਡੀ ਜਿੱਤ ਯਕੀਨੀ ਹੋਣ ਤੋਂ ਬਾਅਦ ਪਾਰਟੀ ਦਫ਼ਤਰ 'ਚ ਵਰਕਰਾਂ ਦੇ ਸਾਹਮਣੇ ਆਏ। ਉਨ੍ਹਾਂ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਅਤੇ ਇੰਕਲਾਬ ਜ਼ਿੰਦਾਬਾਦ, ਵੰਦੇ ਮਾਤਰਮ ਦੇ ਨਾਅਰੇ ਲਗਵਾਏ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਾਲੋਂ, ਗਜਬ ਕਰ ਦਿੱਤਾ... ਆਈ ਲਵ ਯੂ। ਉਨ੍ਹਾਂ ਨੇ ਜਿੱਤ ਨੂੰ ਹਰ ਦਿੱਲੀ ਵਾਲੇ ਅਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅੱਜ ਯਾਨੀ ਮੰਗਲਵਾਰ ਨੂੰ ਹਨੂੰਮਾਨ ਜੀ ਦਾ ਦਿਨ ਹੈ ਅਤੇ ਉਨ੍ਹਾਂ ਨੇ ਦਿੱਲੀ ਤੇ ਆਪਣੀ ਕ੍ਰਿਪਾ ਕੀਤੀ ਹੈ।

ਇਹ ਸਾਰੇ ਦਿੱਲੀ ਵਾਲਿਆਂ ਦੀ ਜਿੱਤ ਹੈ
ਕੇਜਰੀਵਾਲ ਨੇ ਕਿਹਾ,''ਦੋਸਤੋਂ ਮੈਂ ਸਾਰੇ ਦਿੱਲੀ ਵਾਸੀਆਂ ਦਾ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਤੀਜੀ ਵਾਰ ਆਪਣੇ ਬੇਟੇ 'ਤੇ ਭਰੋਸਾ ਕੀਤਾ ਹੈ। ਇਹ ਜਿੱਤ ਮੇਰੀ ਜਿੱਤ ਨਹੀਂ ਹੈ, ਇਹ ਸਾਰੇ ਦਿੱਲੀ ਵਾਲਿਆਂ ਦੀ ਜਿੱਤ ਹੈ। ਇਹ ਦਿੱਲੀ ਦੇ ਹਰ ਉਸ ਪਰਿਵਾਰ ਦੀ ਜਿੱਤ ਹੈ, ਜਿਨ੍ਹਾਂ ਨੇ ਮੈਨੂੰ ਆਪਣਾ ਬੇਟਾ ਮੰਨ ਕੇ ਜ਼ਬਰਦਸਤ ਵੋਟ ਦਿੱਤੇ। ਇਹ ਹਰ ਉਸ ਪਰਿਵਾਰ ਦੀ ਜਿੱਤ ਹਹੈ, ਜਿਨ੍ਹਾਂ ਨੂੰ ਮੁਫ਼ਤ ਬਿਜਲੀ, ਬੱਚਿਆਂ ਦੀ ਚੰਗੀ ਸਿੱਖਿਆ ਮਿਲਣ ਲੱਗੀ। ਜਿਨ੍ਹਾਂ ਦਾ ਦਿੱਲੀ ਦੇ ਹਸਪਤਾਲਾਂ 'ਚ ਚੰਗਾ ਇਲਾਜ ਹੋਣ ਲੱਗਾ ਹੈ।''

ਲੋਕਾਂ ਨੇ ਅੱਜ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ
ਕੇਜਰੀਵਾਲ ਨੇ ਕਿਹਾ,''ਦਿੱਲੀ ਦੇ ਲੋਕਾਂ ਨੇ ਅੱਜ ਇਕ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ। ਜਿਸ ਦਾ ਨਾਂ ਹੈ ਕੰਮ ਦੀ ਰਾਜਨੀਤੀ। ਦਿੱਲੀ ਦੇ ਲੋਕਾਂ ਨੇ ਹੁਣ ਸੰਦੇਸ਼ ਦੇ ਦਿੱਤਾ ਕਿ ਵੋਟ ਉਸੇ ਨੂੰ ਜੋ ਮੋਹੱਲਾ ਕਲੀਨਿਕ ਬਣਵਾਏਗਾ। ਵੋਟ ਉਸੇ ਨੂੰ ਜੋ ਸਸਤੀ ਬਿਜਲੀ ਅਤੇ ਘਰ-ਘਰ ਪਾਣੀ ਦੇਵੇਗਾ। ਇਹ ਨਵੀਂ ਕਿਸਮ ਦੀ ਰਾਜਨੀਤੀ ਹੈ ਅਤੇ ਇਹ ਦੇਸ਼ ਲਈ ਸ਼ੁੱਭ ਸੰਕੇਤ ਹਨ। ਇਹ ਸਿਰਫ਼ ਦਿੱਲੀ ਲਈ ਜਿੱਤ ਨਹੀਂ ਹੈ ਸਗੋਂ ਭਾਰਤ ਮਾਤਾ ਦੀ ਜਿੱਤ ਹੈ, ਇਹ ਪੂਰੇ ਦੇਸ਼ ਦੀ ਜਿੱਤ ਹੈ।''

ਹਨੂੰਮਾਨ ਜੀ ਨੇ ਦਿੱਲੀ 'ਤੇ ਆਪਣੀ ਕ੍ਰਿਪਾ ਕੀਤੀ ਹੈ
ਕੇਜਰੀਵਾਲ ਨੇ ਕਿਹਾ ਕਿ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੇ ਦਿੱਲੀ 'ਤੇ ਆਪਣੀ ਕ੍ਰਿਪਾ ਕੀਤੀ ਹੈ। ਉਨ੍ਹਾਂ ਨੇ ਕਿਹਾ,''ਅੱਜ ਮੰਗਲਵਾਰ ਹੈ (ਇੰਨਾ ਕਹਿੰਦੇ ਹੀ ਲੋਕ ਤਾੜੀਆਂ ਵਜਾਉਣ ਲੱਗੇ) ਹਨੂੰਮਾਨ ਜੀ ਦਾ ਦਿਨ ਹੈ। ਹਨੂੰਮਾਨ ਜੀ ਨੇ ਅੱਜ ਦਿੱਲੀ 'ਤੇ ਆਪਣੀ ਕ੍ਰਿਪਾ ਕੀਤੀ ਹੈ। ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਦਿੱਲੀ ਵਾਲੇ ਪ੍ਰਭੂ ਤੋਂ ਕਾਮਨਾ ਕਰਦੇ ਹਾਂ ਕਿ ਸਾਨੂੰ ਸ਼ਕਤੀ ਦੇਣ ਕਿ ਜਿਵੇਂ ਪਿਛਲੇ 5 ਸਾਲ ਅਸੀਂ ਦਿੱਲੀ ਦੀ ਸੇਵਾ ਕੀਤੀ, ਉਸੇ ਤਰ੍ਹਾਂ ਅਸੀਂ ਸਾਰੇ 2 ਕਰੋੜ ਲੋਕ ਮਿਲ ਕੇ ਅਗਲੇ 5 ਸਾਲ ਇਕ ਚੰਗੀ ਦਿੱਲੀ ਬਣਾ ਸਕੀਏ।'' ਦੱਸਣਯੋਗ ਹੈ ਕਿ ਕੇਜਰੀਵਾਲ ਦੇ ਹਨੂੰਮਾਨ ਮੰਦਰ ਜਾਣ 'ਤੇ ਦਿੱਲੀ ਭਾਜਪਾ ਦੇ ਚੀਫ ਮਨੋਜ ਤਿਵਾੜੀ ਨੇ ਤੰਜ਼ ਕੱਸਿਆ ਸੀ।

DIsha

This news is Content Editor DIsha