48,000 ਝੁੱਗੀ ਵਾਲਿਆਂ ਦੀ ਮਦਦ ਲਈ ਅੱਗੇ ਆਏ ਕੇਜਰੀਵਾਲ, ਬੋਲੇ- ਸਾਰਿਆਂ ਨੂੰ ਮਿਲੇਗਾ ਪੱਕਾ ਘਰ

09/15/2020 11:39:39 AM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ 'ਚ ਰੇਲਵੇ ਲਾਈਨ ਦੇ ਨੇੜੇ ਬਣੀਆਂ ਝੁੱਗੀ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਬੇਘਰ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਉਨ੍ਹਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ। ਦਿੱਲੀ 'ਚ ਰੇਲਵੇ ਲਾਈਨ ਦੇ ਨੇੜੇ ਬਣੀਆਂ ਝੁੱਗੀਆਂ ਬਸਤੀਆਂ ਨੂੰ ਸੋਮਵਾਰ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਇਸ ਮਾਮਲੇ 'ਚ ਅੰਤਿਮ ਫੈਸਲਾ ਲਏ ਜਾਣ ਤੱਕ ਇਨ੍ਹਾਂ ਝੁੱਗੀਆਂ ਨੂੰ ਨਹੀਂ ਹਟਾਇਆ ਜਾਵੇਗਾ। ਸੁਪਰੀਮ ਕੋਰਟ ਨੇ 31 ਅਗਸਤ ਨੂੰ ਇਕ ਫੈਸਲੇ 'ਚ ਦਿੱਲੀ 'ਚ ਰੇਲਵੇ ਲਾਈਨ ਦੇ ਕਿਨਾਰੇ ਬਣੀਆਂ 48 ਹਜ਼ਾਰ ਝੁੱਗੀਆਂ ਨੂੰ ਤਿੰਨ ਮਹੀਨਿਆਂ ਅੰਦਰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ।

ਇਸ ਮੁੱਦੇ 'ਤੇ ਦਿੱਲੀ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਦੌਰਾਨ ਬਹਿਸ ਹੋਈ ਅਤੇ ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਦਲ ਭਾਜਪਾ ਨੇ ਇਕ-ਦੂਜੇ 'ਤੇ ਦੋਸ਼ ਲਗਾਇਆ। ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਥੂੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ 'ਚ ਨਾਅਰੇਬਾਜ਼ੀ ਕਰਦੇ ਹੋਏ 2022 ਤੱਕ ਸਾਰਿਆਂ ਨੂੰ ਘਰ ਉਪਲੱਬਧ ਕਰਵਾਉਣ ਦੀ ਉਨ੍ਹਾਂ ਦੀ ਮੁਹਿੰਮ ਦੀ ਪ੍ਰਸ਼ੰਸਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮਹਾਮਾਰੀ ਦੇ ਇਸ ਦੌਰ 'ਚ 48 ਹਜ਼ਾਰ ਝੁੱਗੀਆਂ ਨੂੰ ਹਟਾਉਣਾ ਸਹੀ ਨਹੀਂ ਹੈ। ਜੇਕਰ ਉਹ ਸਥਾਨ ਕੋਰੋਨਾ ਵਾਇਰਸ ਹੌਟ ਸਪਾਟ ਬਣ ਗਿਆ ਤਾਂ ਕੀ ਹੋਵੇਗਾ? ਕਾਨੂੰਨ ਕਹਿੰਦਾ ਹੈ ਕਿ ਮੁੜ ਵਸੇਬੇ ਤੋਂ ਪਹਿਲਾਂ ਉਨ੍ਹਾਂ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ। ਹਰ ਝੁੱਗੀ ਵਾਲੇ ਦਾ ਇਹ ਕਾਨੂੰਨੀ ਅਧਿਕਾਰ ਹੈ ਕਿ ਉਸ ਦਾ ਇਕ ਘਰ ਹੋਵੇ।


DIsha

Content Editor

Related News