ਕੋਰੋਨਾ ਨੂੰ ਲੈ ਕੇ ਦਿੱਲੀ ਵਾਲਿਆਂ ਨੂੰ ਬੋਲੇ ਕੇਜਰੀਵਾਲ- ਤਿਉਹਾਰਾਂ ਦੇ ਮੌਸਮ 'ਚ ਰਹੋ ਜ਼ਿਆਦਾ ਸਾਵਧਾਨ

09/10/2020 2:14:36 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੇ ਮਹੀਨੇ ਤੋਂ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਮੱਦੇਨਜ਼ਰ ਲੋਕਾਂ ਤੋਂ ਕੋਵਿਡ-19 ਇਨਫੈਕਸ਼ਨ ਨੂੰ ਲੈ ਕੇ ਵੱਧ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ,''ਆਉਣ ਵਾਲੇ ਮਹੀਨਿਆਂ 'ਚ ਕਈ ਤਿਉਹਾਰ ਹਨ। ਕੋਵਿਡ-19 ਗਲੋਬਲ ਮਹਾਮਾਰੀ ਦਿੱਲੀ 'ਚ ਕੰਟਰੋਲ 'ਚ ਹੈ ਪਰ ਧਾਰਮਿਕ ਸਥਾਨਾਂ 'ਤੇ ਕੋਵਿਡ-19 ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਚੌਕਸੀ ਕਦਮ ਚੁੱਕੇ ਜਾਣਾ ਮਹੱਤਵਪੂਰਨ ਹੈ।'' ਨੌਰਾਤਿਆਂ ਦਾ ਤਿਉਹਾਰ 17 ਅਕਤੂਬਰ ਤੋਂ ਸ਼ੁਰੂ ਹੋਵੇਗਾ। ਹਿੰਦੂ ਇਸ ਤਿਉਹਾਰ 'ਚ 9 ਦਿਨ ਵਰਤ ਰੱਖਦੇ ਹਨ ਅਤੇ ਮੰਦਰ ਜਾਂਦੇ ਹਨ। ਇਸ ਤੋਂ ਬਾਅਦ 25 ਅਕਤੂਬਰ ਨੂੰ ਦੁਸਹਿਰਾ ਹੋਵੇਗਾ। ਨਵੰਬਰ 'ਚ ਦੀਵਾਲੀ ਦਾ ਤਿਉਹਾਰ ਹੋਵੇਗਾ।

ਕੇਜਰੀਵਾਲ ਨੇ ਕਿਹਾ,''ਮੈਂ ਆਮ ਲੋਕਾਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਵਾਲੇ ਸੰਗਠਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਤਿਉਹਾਰਾਂ ਦੇ ਆਉਣ ਵਾਲੇ ਮੌਸਮ 'ਚ ਧਾਰਮਿਕ ਸਥਾਨਾਂ 'ਚ ਕੋਵਿਡ-19 ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਚੌਕਸੀ ਕਦਮ ਚੁੱਕਣ।'' ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਧਾਰਮਿਕ ਸਥਾਨ ਜਾਣ ਵਾਲਾ ਹਰ ਵਿਅਕਤੀ 6 ਫੁੱਟ ਦੂਰੀ ਰੱਖਣ, ਮਾਸਕ ਪਹਿਨਣ ਅਤੇ ਸਾਬਣ ਨਾਲ ਹੱਥ ਧੋਣ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰਨ ਵਰਗੇ ਚੌਕਸੀ ਕਦਮਾਂ ਦਾ ਪਾਲਣ ਕਰਨ। ਦੇਸ਼ ਭਰ 'ਚ ਮਾਰਚ ਨੂੰ ਲਾਗੂ ਕੀਤੀ ਗਈ ਤਾਲਾਬੰਦੀ ਨਾਲ ਹੀ ਸ਼ਹਿਰ ਦੇ ਧਾਰਮਿਕ ਸਥਾਨਾਂ ਨੂੰ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਸਥਾਨਾਂ ਨੂੰ ਅਗਸਤ 'ਚ ਖੋਲ੍ਹਿਆ ਗਿਆ। 

ਦਿੱਲੀ 'ਚ ਰੋਜ਼ਾਨਾ ਜਾਂਚ ਦੀ ਗਿਣਤੀ 15,000-20,000 ਤੋਂ ਵੱਧ ਕੇ 40,000 ਤੋਂ ਵੱਧ ਹੋ ਗਈ ਹੈ ਅਤੇ ਸ਼ਹਿਰ 'ਚ ਇਨਫੈਕਸ਼ਨ ਦੇ ਮਾਮਲੇ 'ਚ ਪਿਛਲੇ ਕੁਝ ਦਿਨਾਂ 'ਚ ਤੇਜ਼ੀ ਆਈ ਹੈ। ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 4,039 ਨਵੇਂ ਮਾਮਲੇ ਸਾਹਮਣੇ ਆਏ। ਇਹ ਹੁਣ ਤੱਕ ਇੱਥੇ ਇਕ ਦਿਨ 'ਚ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ 'ਚ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ 2 ਲੱਖ ਤੋਂ ਵੱਧ ਹੋ ਗਈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 4,638 ਹੋ ਗਈ। ਬੁੱਧਵਾਰ ਨੂੰ 54,517 ਲੋਕਾਂ ਦੀ ਜਾਂਚ ਹੋਈ ਹੈ।

DIsha

This news is Content Editor DIsha