ਯਾਤਰਾ ਹੋਵੇਗੀ ਸੌਖਾਲੀ, ਦਿੱਲੀ ਤੋਂ ਅੰਮ੍ਰਿਤਸਰ ਦੌੜੇਗੀ ''ਬੁਲੇਟ ਟਰੇਨ''

01/30/2020 6:24:40 PM

ਨਵੀਂ ਦਿੱਲੀ— ਦੇਸ਼ ਨੂੰ 6 ਹੋਰ ਕੋਰੀਡੋਰ 'ਤੇ ਬੁਲੇਟ ਟਰੇਨ ਦਾ ਤੋਹਫਾ ਮਿਲ ਸਕਦਾ ਹੈ। ਦੇਸ਼ ਦੀ ਪਹਿਲੀ ਬੁਲੇਟ ਟਰੇਨ ਦੌੜਾਉਣ ਲਈ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਬਣੇ ਰਹੇ ਹਾਈ ਸਪੀਡ ਕੋਰੀਡੋਰ ਦੀ ਤਰਜ 'ਤੇ ਰੇਲਵੇ ਨੇ ਅਜਿਹੇ 6 ਹੋਰ ਕੋਰੀਡੋਰ ਬਣਾਉਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ 'ਚੋਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਵੀ ਨਵਾਂ ਮਾਰਗ ਸ਼ਾਮਲ ਹੈ, ਜੋ ਚੰਡੀਗੜ੍ਹ-ਲੁਧਿਆਣਾ-ਜਲੰਧਰ ਹੁੰਦੇ ਹੋਏ ਗੁਰੂ ਦੀ ਨਗਰੀ ਤੱਕ ਪਹੁੰਚੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਇਨ੍ਹਾਂ 6 ਕੋਰੀਡੋਰ ਲਈ ਮਾਰਗਾਂ ਨੂੰ ਚਿੰਨ੍ਹਿਤ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦਾ ਵੇਰਵਾ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਇਸੇ ਸਾਲ ਤਿਆਰ ਕਰ ਲਿਆ ਜਾਵੇਗਾ।

ਦੱਸਣਯੋਗ ਹੈ ਕਿ ਹਾਈ ਸਪੀਡ ਕੋਰੀਡੋਰ 'ਤੇ ਟਰੇਨ ਨੂੰ ਵਧ ਤੋਂ ਵਧ 300 ਕਿਲੋਮੀਟਰ ਪ੍ਰਤੀ ਘੰਟੇ ਗਤੀ ਨਾਲ ਦੌੜਾਇਆ ਜਾ ਸਕਦਾ ਹੈ, ਜਦਕਿ ਸੇਮੀ ਹਾਈ ਸਪੀਡ ਕੋਰੀਡੋਰ 'ਤੇ ਵਧ ਤੋਂ ਵਧ ਗਤੀ 160 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਆਉਣ ਵਾਲੇ ਬਜਟ ਤੋਂ ਪਹਿਲਾਂ ਉਸ 'ਚ ਮੌਜੂਦ ਪ੍ਰਸਤਾਵਾਂ ਵੱਲ ਇਸ਼ਾਰਾ ਕਰਦੇ ਹੋਏ ਚੇਅਰਮੈਨ ਯਾਦਵ ਨੇ ਕਿਹਾ ਕਿ ਇਨ੍ਹਾਂ 6 ਚਿੰਨ੍ਹਿਤ ਮਾਰਗਾਂ 'ਤੇ ਹਾਈ ਸਪੀਡ ਟਰੇਨ ਦੌੜੇਗੀ ਜਾਂ ਸੈਮੀ-ਹਾਈ ਸਪੀਡ ਟਰੈਕ ਬਣਾਇਆ ਜਾਵੇਗਾ, ਇਸ ਦਾ ਫੈਸਲਾ ਡੀ.ਪੀ.ਆਰ. ਤਿਆਰ ਹੋਣ ਤੋਂ ਬਾਅਦ ਹੀ ਹੋਵੇਗਾ। ਡੀ.ਪੀ.ਆਰ. 'ਚ ਇਨ੍ਹਾਂ ਮਾਰਗਾਂ ਦੀ ਵਿਵਹਾਰਕਤਾ ਦਾ ਅਧਿਐਨ ਕੀਤਾ ਜਾਵੇਗਾ, ਜਿਸ 'ਚ ਜ਼ਮੀਨ ਦੀ ਉਪਲੱਬਧਤਾ ਅਤੇ ਉੱਥੇ ਦੀ ਆਵਾਜਾਈ ਦੀ ਸਮਰੱਥਾ ਆਦਿ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਅਧਿਐਨ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਕਿ ਉਹ ਹਾਈ ਸਪੀਡ ਹੋਣਗੇ ਜਾਂ ਸੈਮੀ-ਹਾਈ ਸਪੀਡ।''

ਇਹ ਹਨ 6 ਨਵੇਂ ਕੋਰੀਡੋਰ
ਆਮ ਬਜਟ ਤੋਂ ਬਾਅਦ ਯਾਦਵ ਨੇ ਕਿਹਾ ਕਿ 6 ਕੋਰੀਡੋਰਾਂ 'ਚ ਦਿੱਲੀ-ਨੋਇਡਾ-ਆਗਰਾ-ਲਖਨਊ-ਵਾਰਾਣਸੀ (865 ਕਿਲੋਮੀਟਰ) ਅਤੇ ਦਿੱਲੀ-ਜੈਪੁਰ-ਉਦੇਪੁਰ-ਅਹਿਮਦਾਬਾਦ (886 ਕਿਲੋਮੀਟਰ) ਸੈਕਸ਼ਨ ਸ਼ਾਮਲ ਹਨ। ਹੋਰ ਕੋਰੀਡੋਰ 'ਚ ਮੁੰਬਈ-ਨਾਸਿਕ-ਨਾਗਪੁਰ (753 ਕਿਲੋਮੀਟਰ), ਮੁੰਬਈ-ਪੁਣੇ-ਹੈਦਰਾਬਾਦ (711 ਕਿਲੋਮੀਟਰ), ਚੇਨਈ-ਬੈਂਗਲੁਰੂ-ਮੈਸੂਰ (435 ਕਿਲੋਮੀਟਰ) ਅਤੇ ਦਿੱਲੀ-ਚੰਡੀਗੜ੍ਹ-ਲੁਧਿਆਣਾ-ਜਲੰਧਰ-ਅੰਮ੍ਰਿਤਸਰ (459 ਕਿਲੋਮੀਟਰ) ਸ਼ਾਮਲ ਹਨ।''

DIsha

This news is Content Editor DIsha